ਨੇਕ ਰਿਦੇ ਤੁਸਾਡੜੇ ਪ੍ਰੇਮ ਨਾਤਾ,
ਭਾਬੀ ਨਣਦ ਦੇ ਵਿਚ ਸਿਆਣਿਆ ਹੈ ।
ਭਬੀ ਤੁਸਾਂ ਦੀ ਨੇਕ ਹੈ ਕਰਮ ਵਾਲੀ,
ਜਿਦ੍ਹੀ ਨਣਦ ਨੇ ਐਕਰਾਂ ਜਾਣਿਆਂ ਹੈ ।
ਖੁਸ਼ੀ ਕਰੇ ਉਹ ਸਦਾ ਹੀ ਰਹੇ ਚੰਗੀ,
ਹੁਣ ਕੀ ਓਸ ਨੂੰ ਦਰਦ ਰਵਾਣਿਆਂ ਹੈ ।੧੪੧ ।
ਭੈਣ–
ਐਸੀ ਅਕ੍ਰਿਪਾ ਕਰੋ ਨਾ ਵੀਰ ਪਯਾਰੇ !
ਗੋਲ ਵਾਕ ਨਾ ਬੋਲੀਏ ਵਯੰਗ ਵਾਲੇ ।
ਅੰਬਾਕੜੀ ਨਾ ਅੰਬ ਦੀ ਭੁੱਖ ਲਾਹੇ,
ਸਿਕ ਦਾਖ ਦੀ ਲਾਹੁਣ ਨਾ ਧੱਕ ਡਾਲੇ,
ਤਯਾਗੀ ਆਪ ਦੀ ਨਾਰਿ ਨ ਸੁਖੀ ਹੋਵੇ,
ਭਾਵੇਂ ਸਾਕ ਹੋਵਣ ਸਾਰੇ ਪਯਾਰੇ ਵਾਲੇ ।
ਬਖਸ਼ੋ ਆਪਣੀ ਨਾਰ ਨੂੰ ਵੀਰ ਪਯਾਰੇ !
ਚੰਗੇ ਨਹੀਂ ਲਗਦੇ ਚੁਪ ਚਾਪ ਚਾਲੇ ੧੪੨ ।
ਜੇਕਰ ਭੁੱਲ ਹੀ ਗਈ ਹੈ ਚੁੱਕ ਕੀਤੀ,
ਉਸ ਨੂੰ ਬਖਸ਼ ਕੇ ਚਰਨ ਲਗਾ ਲੇਵੋ।
ਅਗੋਂ ਕਰੋ ਉਪਾ ਕੁਝ ਸਿੱਖਯਾ ਦਾ,
ਸਿਖ ਆਪਣੇ ਚੱਜ ਦੀ ਉਨੂੰ ਦੇਵੋ ।
ਵਾਉ ਉਲਟਵੀਂ ਵੇਖ ਨਾ ਨਾਉ ਬੋੜੋ,
ਚੱਪੇ ਲਾਇਕੇ ਪਾਰ ਨੂੰ ਆਪ ਖੇਵੋ ।
ਕੁਝ ਕਰਮ ਹੋਵੇ, ਕੁਝ ਕਰੋ ਕਿਰਪਾ,
ਕੁਝ ਆਪਣੀ ਭੁੱਲ ਵੀ ਮੰਨ ਲੇਵੋ ।੧੪੩ ।