ਭੁੱਲ ਗਈ ਦਾ ਲਾਭ ਕੀ ਪਹੁੰਚਦਾ ਹੈ,
ਜਦੋਂ ਤਈਂ ਨਾ ਮਾਂਉਂ ਰਿਝਾਂਵਦੀ ਹੈ ।
ਛੋਟੀ ਭੈਣ ਦੇ ਨਾਲ ਉਹ ਕਰੇ ਸਖਤੀ,
ਏਸ ਗਲ ਤੋਂ ਰਤਾ ਨ ਭਾਵਦੀ ਹੈ ।
ਮੇਰੀ ਕਰੇ ਅਧੀਨਗੀ ਲਾਭ ਨਾਹੀਂ,
ਜਦ ਲੌ ਵਡਿਆਂ ਨਹੀਂ ਮਨਾਂਵਦੀ ਹੈ ।
ਕਰਾਂ ਅਦਬ ਮੈਂ ਜਿਨ੍ਹਾਂ ਦਾ ਦਿਲੋ ਜਾਨੋਂ.
ਸੇਵਾ ਓਸ ਨੂੰ ਵੱਧ ਬਨ ਆਂਵਦੀ ਹੈ ।੧੪੭ ।
ਭੈਣ-
ਲੱਖ ਟਕੇ ਦੀ ਗਲ ਹੈ ਤੁਸਾ ਆਖੀ,
ਐਪਰ ਰਬ ਨੇ ਦਈ ਪੁਗਾ ਸਾਰੀ ।
ਮਾਤਾ ਪਿਤਾ ਤੇ ਭੈਣ ਨੇ ਬਖਸ਼ ਦਿਤੀ,
ਵਿਗੜੀ ਤੰਦ ਹੈ ਸਾਰਿਆਂ ਆਪ ਸ੍ਵਾਰੀ ।
ਸਭਨਾਂ ਬਖਸ਼ਿਆ ਓਸ ਨੂੰ ਵੀਰ ਪਯਾਰੇ,
ਬਖਸ਼ਣ ਸੰਦੜੀ ਆਪਦੀ ਰਹੀ ਵਾਰੀ ।
ਬਖਸ਼ ਦਿਓ ਤੇ ਹੋਰ ਕਿਰਪਾਲ ਪਯਾਰੇ,
ਸਦਾ ਕ੍ਰਿਪਾ ਹੀ ਓਸ ਤੇ ਰਹੇ ਜਾਰੀ ੧੪੮ ।
ਵੀਰ-
ਪਿਛਲੀ ਅੰਕਰਾਂ ਤੁਸਾਂ ਨੇ ਠੀਕ ਕੀਤੀ,
ਲੈਕੇ ਆਪਣੇ ਸਿਰੇ ਤੇ ਬੋਝ ਸਾਰਾ।
ਕੀਤੀ ਤੁਸਾ ਦੀ ਕਿਸੇ ਨੇ ਮੋੜਨੀ ਨਾਂ,
ਅਗੋਂ ਫੇਰ ਜੇ ਕਰੇਗੀ ਕੋਈ ਕਾਰਾ ।
ਕੌਣ ਆਣਕੇ ਨਿੱਤ ਦੇ ਗੰਢ ਗੰਢੂ,
ਕੌਣ ਤਰੇਗਾ ਰੋਜ਼ ਹੀ ਸਿੰਧ ਖਾਰਾ ।
ਦੱਸੋ ਇਹਦਾ ਕੀ ਤੁਸਾਂ ਇਲਾਜ ਕੀਤਾ,
ਸੋਚ ਲਿਆ ਜੇ ਚੱਜ ਦਾ ਕੋਈ ਚਾਰਾ ?