ਤਰਸ ਨਣਦ ਦੇ ਰਤਾ ਵੀ ਚੀਤ ਨਾਹੀਂ ।
ਜਿਥੇ ਸੱਭ ਹੀ ਦੂਤੀਏ ਹੋਣ ਲਾਗੂ,
ਜਿਥੇ ਨਯਾਉਂ ਤੇ ਧਰਮ ਦੀ ਰੀਤਿ ਨਾਹੀਂ ।
ਓਥੇ ਨੋਂਹ ਨਾ ਸੁਖ ਦੀ ਆਸ ਰਖੇ,
ਉਮਰਾ ਝੇੜਿਆਂ ਬਾਝ ਬਿਤੀਤ ਨਾਹੀਂ ।੧੫।
ਨਿਨਾਣ-
ਕਿਉਂ ਤੂੰ ਐਡੇ ਕਲੇਸ਼ ਸਹਾਰਨੀ ਹੈਂ;
ਰੁੜ੍ਹਦੀ ਜਾਂਵਦੀ ਆਪਣੇ ਆਪ ਕੋਲੋਂ।
ਮਨ ਦੇ ਵੇਗ ਦੇ ਨਾਲ ਹੀ ਵਹੀ ਜਾਵੇਂ,
ਚਿੰਤਾ ਡੈਣ ਦੇ ਬਚੇਂ ਨ ਤਾਪ ਕੋਲੋਂ ।
ਬੇੜੀ ਤਾਰ ਵਿਚਾਰ ਦੀ ਲਏ ਤੈਨੂੰ,
ਸੋਚ ਕਢ ਲਏ ਏਸ ਸੰਤਾਪ ਕੋਲੋਂ।
ਦੋਸ਼ ਦੇਹ ਨਾ ਮਾਪਿਆਂ ਦਰਦੀਆਂ ਨੂੰ,
ਦਰਦੀ ਕੌਣ ਹੋਵੇ ਮਾਈ ਬਾਪ ਕੋਲੋਂ ।੧੬।
ਭਾਬੀ-
ਮੈਂ ਨਾ ਕੁਝ ਕਸੂਰ ਹੈ ਮੂਲ ਕੀਤਾ,
ਮਾਰੇ ਮਾਂਹ ਨਾ ਤੁੱਧ ਦੇ ਵੀਰ, ਨਣਦੇ ।
ਵਾਂਗ ਨੌਕਰਾਂ ਝਾੜਦਾ ਫੂਕਦਾ ਹੈ,
ਕੰਗਲੀ ਜਾਣਦਾ ਮੁਝ ਨੂੰ ਕੀਰ, ਨਣਦੇ ।
ਤੂੰ ਤਾਂ ਓਸ ਨੂੰ ਮੂਲ ਨਾ ਕੁੱਝ ਆਖੇਂ
ਲਾਵੇਂ ਮੁਝ ਨੂੰ ਨਵੇਂ ਹੀ ਤੀਰ, ਨਣਦੇ ।
ਉਪਰ ਚੀਰ ਦੇ ਧੂੜ ਕੇ ਲੂਣ ਮਿਰਚਾਂ,
ਫੇਰ ਆਖਦੇ ਹੋ, 'ਰਖ ਧੀਰ', ਨਣਦੇ ।੧੭।
ਨਿਨਾਣ-
ਭਾਬੀ ! ਵੀਰ ਨੂੰ ਮੈਂ ਸਮਝਾ ਹਾਰੀ,
ਇਕੋ ਗਲ ਦਾ ਓਸ ਨੂੰ ਰੋਸ ਚੜਿਆ ।
ਹੋਰ ਕੁਝ ਨਾ ਐਬ ਚਿਤਾਰਦਾ ਹੈ,