ਇਕੋ ਗਲ ਨੂੰ ਹੈ ਓਹ ਰਿਦੇ ਅੜਿਆ ।
ਇਕੋ ਸੱਚ ਦੀ ਬਾਣ ਜੋ ਰਿਦੇ ਧਾਰੀ,
ਨਹੀਂ ਚਾਹੁੰਦਾ ਤੁੱਧ ਨੂੰ ਝੂਠ ਖੜਿਆ ।
ਝੂਠ ਛਡੇਂ ਤਾਂ ਰਾਸ ਬਿਰਾਸ ਹੋਵੇ,
ਮੰਨ ਪਵੇ ਜੋ ਜਾਪਦਾ ਨਿਤ ਕੂੜਿਆ ।੧੮।
ਭਾਬੀ-
ਤੇਰੀ ਚੋਪੜੀ ਜੀਭ ਨੂੰ ਜਾਣਦੀ ਹਾਂ,
ਸੁੱਕੇ ਦਿਲਾਂ ਨੂੰ ਨੇਹੁ ਜੋ ਲਾਂਵਦੀ ਹੈ ।
ਆਪ ਵੇਖਦੀ ਸਮਝਦੀ ਜੀਭ ਨਾਹੀਂ,
ਕੇਵਲ ਥਿੰਧੜੇ ਵਾਕ ਅਲਾਂਵਦੀ ਹੈਂ।
ਭੁੱਲ ਵੀਰ ਦੀ ਮੜ੍ਹਾਂ ਤੂੰ ਸੀਸ ਮੇਰੇ,
ਮੈਥੋਂ ਆਪਣਾ ਕਾਜ ਕਰਾਂਵਦੀ ਹੈ।
ਸੋਨੇ ਜੀਭ ਮੜ੍ਹਾਇ ਵਲੈਤ ਘੱਲੀਂ,
ਐਥੇ ਕਦਰ ਨਾ ਕੁੱਝ ਬੀ ਪਾਂਵਦੀ ਹੈ ੧੯
ਨਿਨਾਣ-
ਮੈਂ ਸਮਝਾਣ ਲਗੀ ਤੈਨੂੰ ਭਲੇ ਬਦਲੇ,
ਉਲਟ ਮੇਰੇ ਹੀ ਗਲੇ ਦਾ ਹਾਰ ਹੋਈਏਂ ।
ਤੇਰੇ ਬੋਲ ਕੁਬੋਲ ਸਹਾਰ ਸਾਰੇ,
ਫੇਰ ਆਖਦੀ ਹਾਂ ਹੁਣ ਹੁਸ਼ਿਆਰ ਹੋਈਏਂ ।
ਭੈੜਾ ਨਾਉਂ ਨਿਨਾਣ ਦਾ ਭਾਬੀਆਂ ਨੂੰ,
ਭਾਵੇਂ ਭੈਣਾਂ ਤੋਂ ਵਧ ਪਿਆਰ ਗੋਈਏ ।
ਤੱਕਾਂ ਉੱਜੜਦਾ ਝੁੱਗੜਾ ਵੀਰ ਸੰਦਾ,
ਆਖਾਂ ਦੁੱਖ ਤੋਂ ਕਿਵੇਂ ਹੀ ਪਾਰ ਹੋਈਏ ।੨੦।
ਭਾਬੀ-
ਜਿੱਕੁਰ ਮੁੱਝ ਨੂੰ ਕਹੇ ਮੈਂ ਚਰਨ ਪਕੜਾਂ,
ਆਖ ਵੀਰ ਨੂੰ ਛਡ ਹੰਕਾਰ ਦੇਵੇ।
ਧੀ ਮਾਪਿਆਂ ਸਾਊਆਂ ਸੰਦੜੀ ਹਾਂ,
ਦੇ ਦਿਲਾਸੜਾ ਪਯਾਰ ਪੁਚਕਾਰ ਲੇਵੇ ।