ਦਲਿਤ ਚੇਤਨਾ ਨਾਲ ਸੰਬੰਧਿਤ ਕਵਿਤਾ ਜੋ ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਤੋਂ ਬਾਅਦ ਪਛਾਣ ਦੀ ਰਾਜਨੀਤੀ ਅਤੇ ਸਮਾਜਿਕ ਨਿਆਂ ਲਈ ਆਵਾਜ਼ ਸੰਚਾਰਦੀ ਸੀ। ਉਹ ਕਵਿਤਾ ਗੁਸੈਲ, ਤੇਜ਼ ਤਰਾਰ, ਆਕਰੋਸ਼ੀ ਤੇਵਰਾਂ 'ਚ ਗ੍ਰਿਫ਼ਤ ਸੀ। ਪਰੰਤੂ ਨਵੀਂ ਕਵਿਤਾ ਰਾਜਨੀਤਕ ਚੇਤਨਾ ਦੇ ਪ੍ਰਤੀਮਾਨਾਂ ਨੂੰ ਸਿਰਜ ਕੇ ਨਵ ਬ੍ਰਾਹਮਣਵਾਦ ਤੋਂ ਵੀ ਮੁਕਤ ਹੁੰਦੀ ਹੈ ਅਤੇ ਦਲਿਤ ਮੁਕਤੀ ਦਾ ਪ੍ਰਵਚਨ ਵੀ ਸਿਰਜਦੀ ਹੈ। ਇਹ ਕਵਿਤਾ ਅੰਬੇਦਕਰਵਾਦੀ ਵਿਚਾਰਧਾਰਾ ਅਤੇ ਮਾਰਕਸਵਾਦੀ ਜੀਵਨ ਦਰਸ਼ਨ 'ਚ ਵਿਰੋਧ ਨਹੀਂ ਸਿਰਜਦੀ ਸਗੋਂ ਸੰਵਾਦੀ ਦਸਤਪੰਜੇ ਰਾਹੀਂ ਉਨ੍ਹਾਂ ਸਮਾਜਕ ਰਾਜਨੀਤਕ ਸੱਤਾਵਾਂ ਨੂੰ ਵੰਗਾਰ ਦੇਣ ਦੇ ਰਸਤੇ ਤੁਰਦੀ ਹੈ। ਨਵੀਂ ਪੰਜਾਬੀ ਕਵਿਤਾ ਦਾ ਇਹ ਉੱਭਰਵਾਂ ਫ਼ਿਕਰ ਅਤੇ ਸਰੋਕਾਰ ਹੈ। ਇਹ ਕਵਿਤਾ ਇਕ ਪਾਸੇ ਵਰਤਮਾਨ 'ਚ ਵਿਸ਼ਵੀਕਰਨ ਦੇ ਵਰਤਾਰੇ ਨੂੰ ਸਮਝ ਰਹੀ ਹੈ ਜਿਹੜੀ ਦਲਿਤ ਅਤੇ ਸ਼ਿਲਪੀ ਕਾਮੇ ਨੂੰ ਹਾਸ਼ੀਆਗਤ ਕਰਕੇ ਗੁਰਬਤ 'ਚ ਧਕੇਲ ਰਹੀ ਹੈ ਅਤੇ ਦੁਸਰੇ ਪਾਸੇ ਭਾਰਤੀ ਸਮਾਜ ਦੀਆਂ ਬੱਜਰ ਪਰੰਪਰਾਵਾਂ ਅਤੇ ਜਾਤੀਗਤ ਅਵਚੇਤਨ ਨਾਲ ਖਹਿ ਰਹੀ ਹੈ। ਨਵੀਂ ਪੰਜਾਬੀ ਕਵਿਤਾ ਵਿਚ ਮਦਨ ਵੀਰਾ, ਸੱਤਪਾਲ ਭੀਖੀ, ਜੈ ਪਾਲ, ਗੁਰਮੀਤ ਕੱਲਰਮਾਜਰੀ, ਸੰਤੋਖ ਸੁੱਖੀ ਆਦਿਕ ਸ਼ਾਇਰਾਂ ਦੀ ਕਵਿਤਾ ਵਿਚ ਦਲਿਤ ਮਨੁੱਖ ਦੀ ਪਛਾਣ ਪਰੰਪਰਕ ਨਹੀਂ ਹੈ। ਉਹ ਬਦਲਦੀਆਂ ਇਤਿਹਾਸਕ ਪਰਿਸਥਿਤੀਆਂ ਵਿਚ ਅੱਜ ਦੇ ਯੁੱਗ ਦੀ ਹਾਣੀ ਹੈ।
ਨਵੀਂ ਪੰਜਾਬੀ ਕਵਿਤਾ ਜੋ ਸਮਾਜਿਕ ਨਿਆਂ ਦੀ ਤਲਾਸ਼ ਵੱਲ ਤੁਰਦੀ ਹੈ। ਉਸ ਤਲਾਸ਼ ਵੱਲ ਰਚੀ ਜਾ ਰਹੀ ਨਾਰੀ ਕਵਿਤਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਦੀ ਹੈ। ਵਿਸ਼ਵੀਕਰਨ ਦੀਆਂ ਨੀਤੀਆਂ ਅਤੇ ਸੰਚਾਰ ਸਾਧਨਾਂ ਨੇ ਔਰਤ ਦਾ ਬਿੰਬ ਜੋ ਪੇਸ਼ ਕੀਤਾ ਹੈ, ਉਹ ਹੈ ਤਾਂ ਉਪਭੋਗੀ ਵਸਤੂ ਵਰਗਾ ਹੀ ਪਰੰਤੂ ਉਸਨੂੰ ਆਜ਼ਾਦ ਹਸਤੀ ਦੇ ਸੁਨਹਿਰੀ ਵਰਕ ਵਿਚ ਲਪੇਟ ਕੇ ਕੀਤਾ ਹੈ। ਇਸ ਸਮੇਂ ਨਾਰੀ ਆਵਾਜ਼ ਜਿੰਨੀ ਮੁਖਰ ਹੋਈ ਹੈ ਓਨੀ ਪਹਿਲਾਂ ਨਹੀਂ ਸੀ। ਪਹਿਲੀ ਕਵਿਤਾ ਮਰਦ ਵਿਰੋਧਤਾ 'ਚੋਂ ਆਪਣੇ ਅਰਥ ਪ੍ਰਾਪਤ ਕਰਦੀ ਸੀ ਪਰੰਤੂ ਨਵੀਂ ਕਵਿਤਾ ਮਰਦਾਵੀਂ ਸੱਤਾ/ਪਿਤਰਕੀ ਸੱਤਾ ਤੋਂ ਵਿਦਰੋਹ ਕਰਕੇ ਆਪਣੀ ਹੋਂਦ ਅਤੇ ਹਸਤੀ ਦਾ ਮਸਲਾ ਸਮਾਜਕ ਨਿਆਂ ਵਜੋਂ ਉਠਾਉਂਦੀ ਹੈ। ਇਸ ਦੌਰ ਵਿਚ ਨਾਰੀ ਦੁਆਰਾ ਰਚਿਤ ਕਾਵਿ ਦੇਹਵਾਦੀ ਤੇ ਕਾਮਨਾਮਈ ਵੀ ਹੈ ਪਰੰਤੂ ਸਮਾਜਕ ਫ਼ਿਕਰ ਅਤੇ ਸਰੋਕਾਰ ਵਾਲੀ ਕਵਿਤਾ ਇਸ ਲਈ ਵਧੇਰੇ ਪ੍ਰਸੰਗਕ ਅਤੇ ਸਾਰਥਕ ਹੈ ਕਿਉਂਕਿ ਉਹ ਨਾਰੀ ਨੂੰ ਦੇਹਿਕ ਆਬਜੈਕਟ ਦੀ ਥਾਵੇਂ ਇਕ ਸਮਾਜਕ ਅਤੇ ਸਭਿਆਚਾਰਕ ਹੋਂਦ ਵਜੋਂ ਸਿਰਜਦੀ ਹੈ। ਵਿਅਕਤੀਗਤ ਸੁੰਗੇੜ ਦੀ ਕਵਿਤਾ ਪਰਿਵਾਰਕ ਸਰਦਲ ਅਤੇ ਦੇਹ ਦੀ ਸੀਮਾਂ ਨਹੀਂ ਉਲੰਘਦੀ। ਅਜਿਹੀ ਕਵਿਤਾ ਮਨਇੱਛਤ ਰਿਸ਼ਤਿਆਂ ਦੇ ਰੋਮਾਂਸ ਵਿਚ ਸਿਮਟ ਜਾਂਦੀ ਹੈ। ਇਹ ਕਵਿਤਾ ਸਮਾਜੀ ਸੰਵਾਦ ਦੀ ਨਹੀਂ ਵਿਅਕਤੀਗਤ ਮੋਨੋਲਾਗ ਦੀ ਕਵਿਤਾ ਹੈ ਜਿਹੜੀ ਵਿਚਾਰਧਾਰਕ ਰਸਤੇ ਦੀ ਤਲਾਸ਼ ਨਹੀਂ ਕਰਦੀ ਸਗੋਂ ਮਾਨਸਿਕ ਕਥਾਰਸਿਜ਼ ਦੀ ਕਵਿਤਾ ਹੈ। ਇਹ ਕਵਿਤਾ ਦੀ ਧੁਨੀ ਗੁੰਬਦੀ ਆਵਾਜ਼ ਵਰਗੀ ਹੈ ਜੋ ਅੰਦਰੋ ਅੰਦਰੀ ਗੂੰਜ ਕੇ ਖ਼ਾਮੋਸ਼ ਹੋ ਜਾਂਦੀ ਹੈ:-