ਜਸਵਿੰਦਰ ਦੀ ਗ਼ਜ਼ਲ ਦੇ ਵਿਚਾਰਧਾਰਕ ਸਰੋਕਾਰ
ਡਾ. ਸੁਖਦੇਵ ਸਿੰਘ ਧਾਲੀਵਾਲ
ਜਸਵਿੰਦਰ ਅਜੋਕੇ ਯੁੱਗ ਦੀ ਸੰਵੇਦਨਾ ਨੂੰ ਉਭਾਰਨ ਵਾਲਾ ਇੱਕ ਅਜਿਹਾ ਸ਼ਾਇਰ ਹੈ ਜਿਸ ਕੋਲ ਕਿਸੇ ਵੀ ਵਿਸ਼ੇ ਨੂੰ ਡੂੰਘਾਈ ਨਾਲ ਵੇਖਣ ਦੀ ਦ੍ਰਿਸ਼ਟੀ ਵੀ ਹੈ ਅਤੇ ਅਨੁਭਵੀ ਅਹਿਸਾਸਾਂ ਨੂੰ ਕਾਵਿ-ਸ਼ਿਲਪ ਵਿਚ ਢਾਲਣ ਦੀ ਸਮੱਰਥਾ ਵੀ। ਉਹ ਆਪਣੇ ਹੁਣ ਤੱਕ ਛਪੇ ਤਿੰਨ ਗ਼ਜ਼ਲ ਸੰਗ੍ਰਹਿ 'ਕਾਲੇ ਹਰਫ਼ਾਂ ਦੀ ਲੋਅ', ਕੱਕੀ ਰੇਤ ਦੇ ਵਰਕੇ' ਅਤੇ 'ਅਗਰਬੱਤੀ' ਦੁਆਰਾ ਪੰਜਾਬੀ ਕਾਵਿ-ਜਗਤ ਵਿੱਚ ਆਪਣੀ ਦਸਤਕ ਦੇ ਚੁੱਕਿਆ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਮੰਡੀ ਦੀਆਂ ਖਪਤਵਾਦੀ ਅਤੇ ਪਦਾਰਥਵਾਦੀ ਪ੍ਰਵਿਰਤੀਆਂ ਦੇ ਸ਼ਿਕਾਰ ਮਨੁੱਖ ਦੇ ਅਚੇਤ ਵਿਚ ਦਫ਼ਨ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਫਰੋਲਦਾ ਨਜ਼ਰ ਆਉਂਦਾ ਹੈ। ਆਪਣੇ ਸ਼ਿਅਰਾਂ ਵਿੱਚ ਉਹ ਬੁਰਜੂਆ ਅਤੇ ਕੁਲੀਨ ਵਰਗ ਦੇ ਸੁਹਜ-ਸੁਆਦ, ਰੁਮਾਨੀ ਦ੍ਰਿਸ਼ਟੀ ਅਤੇ ਰਵਾਇਤੀ ਕਿਸਮ ਦੀ ਸ਼ਾਇਰੀ ਤੋਂ ਦੂਰੀ ਤੇ ਵਿਚਰਦਾ ਹੋਇਆ ਇਸ ਨੂੰ ਮਨੁੱਖ ਦੀ ਹੋਣੀ ਦੇ ਰਸਤੇ ਵਿਚ ਅੜਿਕਾ ਮਹਿਸੂਸ ਕਰਦਾ ਹੈ। ਮਾਨਵੀ ਸੰਵੇਦਨਾ ਅਤੇ ਸਮਾਜਕ ਸਰੋਕਾਰਾਂ ਨੂੰ ਆਪਣੇ ਮੌਲਿਕ ਅਤੇ ਅਕਾਸ਼ੀ ਬਿਜਲੀ 'ਚੋਂ ਨਿਕਲੀ ਚਮਕ ਵਰਗੇ ਆਪ ਮੁਹਾਰੇ ਨਿਕਲੇ ਸੱਚੇ ਅੰਦਾਜ਼ ਵਿਚ ਪੇਸ਼ ਕਰਕੇ ਜਸਵਿੰਦਰ ਨੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣਾ ਅਮਿੱਟ ਨਾਮ ਦਰਜ ਕਰਵਾ ਲਿਆ ਹੈ। ਹਵਾ ਦੇ ਰੁਖ਼ ਚਲਣ ਵਾਲੇ ਅਖੌਤੀ ਬੁੱਧੀਜੀਵੀ ਲੋਕਾਂ ਬਾਰੇ ਉਹ ਲਿਖਦਾ ਹੈ।
ਉਹਨੇ ਅੰਬਰ ਤੇ ਆਪਣਾ ਲਿਖਾਇਆ ਏ ਨਾਂ,
ਜੋ ਜ਼ਮਾਨੇ ਦੇ ਰਾਹ ਤੋਂ ਜੁਦਾ ਹੋ ਗਿਆ।
ਫ਼ਰਕ ਲੋਕਾਂ ਨੂੰ ਕੀ ਦੇਸ਼ ਦੇ ਤਖ਼ਤ 'ਤੇ,
ਕਿਹੜਾ ਆਇਆ ਤੇ ਕਿਹੜਾ ਵਿਦਾ ਹੋ ਗਿਆ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ-42)
ਜਸਵਿੰਦਰ ਆਪਣੀਆਂ ਗ਼ਜ਼ਲਾਂ ਰਾਹੀਂ ਬੌਧਿਕ ਪੱਧਰ 'ਤੇ ਪਾਠਕ ਅਤੇ ਚਿੰਤਕ ਲਈ ਚਿੰਤਨ ਅਤੇ ਮਾਨਸਿਕ ਤ੍ਰਿਪਤੀ ਪ੍ਰਦਾਨ ਕਰਦਿਆਂ ਲੋਕ-ਪੱਖੀ ਵਿਚਾਰਧਾਰਾ ਦਾ ਸਹਿਜ ਰੂਪ ਵਿਚ ਪ੍ਰਗਟਾ ਕਰ ਜਾਂਦਾ ਹੈ।
ਉਸ ਦੀਆਂ ਗ਼ਜ਼ਲਾਂ ਦਾ ਕਾਵਿ ਚਸ਼ਮਾ 'ਕਾਲੇ ਹਰਫ਼ਾਂ ਦੀ ਲੋਅ' ਨਾਲ ਸਹਿਜੇ ਹੀ ਫੁਟ ਪਿਆ ਅਤੇ 'ਕੱਕੀ ਰੇਤ ਦੇ ਵਰਕੇ' ਅਤੇ 'ਅਗਰ ਬੱਤੀ' ਗ਼ਜ਼ਲ ਸੰਗ੍ਰਿਹਾਂ ਦੀ ਸ਼ਮੂਲੀਅਤ ਨਾਲ ਇਹ ਛੋਟਾ ਚਸ਼ਮਾ ਵੱਡਾ ਦਰਿਆ ਬਣ ਕੇ ਸਾਗਰ ਬਣਨ ਦੀਆਂ ਭਵਿੱਖਮੁਖੀ ਸੰਭਾਵਨਾ ਸਿਰਜ ਰਿਹਾ ਹੈ। ਮਨੁੱਖਤਾ ਵਿਰੋਧੀ ਸਾਮਰਾਜੀ ਮਨਸੂਬਿਆਂ ਦਾ ਪਰਦਫ਼ਾਸ ਕਰਦਿਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨਕਾਰਦਾ ਹੋਇਆ ਜਸਵਿੰਦਰ ਜਨ-ਸਾਧਾਰਨ ਨੂੰ ਸਹਿਜ ਹੀ ਚੇਤਨ ਕਰਨ ਦਾ ਕਾਰਜ ਨਿਭਾਅ ਰਿਹਾ ਹੈ।
ਖੂਬ ਹੈ ਅੰਦਾਜ ਉਹਨਾਂ ਦਾ ਅਮੀਰੀ ਦੇਣ ਦਾ,
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ ਨਾਲ।