ਜਸਵਿੰਦਰ ਭੱਜਵਾਦੀ ਅਤੇ ਅਪਸਾਰਵਾਦੀ ਸੋਚ ਦਾ ਵਿਰੋਧੀ ਹੈ। ਉਹ ਮਨੁੱਖ ਨੂੰ ਹਰ ਦੁੱਖ-ਸੁੱਖ ਅਤੇ ਖ਼ੁਸ਼ੀਆਂ-ਗ਼ਮੀਆਂ ਦਾ ਸਾਹਮਣਾ ਕਰਦਿਆਂ ਇਕ ਕਰਮਯੋਗੀ ਵਜੋਂ ਵਿਚਰਨ ਦਾ ਸੁਨੇਹਾ ਦਿੰਦਾ ਹੈ। ਉਹ ਕਿਸੇ ਪੈਗ਼ੰਬਰੀ ਅਤੇ ਮਹਾਂਨਾਇਕੀ ਸ਼ਕਤੀ ਤੇ ਟੋਕ ਨਾ ਰੱਖਦਿਆਂ ਆਮ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਵਿਚਰਦਿਆਂ ਤਰਕਮਈ ਵਿਚਾਰਾਂ ਦਾ ਧਾਰਨੀ ਹੋਣ ਦੀ ਪ੍ਰੇਰਨਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਖ਼ਾਤਮਾ ਉਨ੍ਹਾਂ ਤੋਂ ਦੂਰ ਜਾ ਕੇ ਕਿਸੇ ਪੈਗ਼ੰਬਰੀ ਰਾਹ ਤੇ ਚਲਣ ਨਾਲ ਨਹੀਂ ਸਗੋਂ ਉਨ੍ਹਾਂ ਦਾ ਦਲੇਰੀ ਅਤੇ ਹੌਸਲੇ ਨਾਲ ਟਾਕਰਾ ਕਰਨ ਨਾਲ ਹੋਣਾ ਹੈ। ਪਰਿਵਾਰਕ ਅਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਭਗੌੜਾ ਹੋਣਾ ਕਾਇਰਤਾ ਅਤੇ ਜ਼ਿੰਦਗੀ ਦੇ ਯਥਾਰਥ ਤੋਂ ਕਿਨਾਰਾ ਕਰਨਾ ਹੈ।
ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗ਼ੰਬਰ,
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ।
(ਕੱਕੀ ਰੇਤ ਦੇ ਵਰਕੇ, ਪੰਨਾ- 51)
ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਨੂੰ ਇਹ ਸੋਝੀ ਹੋ ਗਈ ਹੈ ਕਿ ਗ੍ਰਹਿਸਤੀ ਜੀਵਨ ਜਿਉਦਿਆਂ ਹੀ ਮਾਨਵ ਕਲਿਆਣ ਹਿੱਤ ਲੋਕ-ਪੱਖੀ ਮਾਰਗ 'ਤੇ ਚਲਦਿਆਂ ਮਨੁੱਖਤਾ ਦੀ ਭਲਾਈ ਕੀਤੀ ਜਾ ਸਕਦੀ ਹੈ। ਅੱਜ ਬੁੱਧ ਦਾ ਜ਼ਮਾਨਾ ਅਤੇ ਪੈਗ਼ੰਬਰੀ ਦੌਰ ਬੀਤੇ ਸਮੇਂ ਦੀ ਬੁਝਾਰਤ ਬਣ ਕੇ ਰਹਿ ਗਿਆ ਹੈ। ਗੌਤਮ ਬੁੱਧ ਦਾ ਘਰ ਛੱਡ ਕੇ ਆਤਮ ਗਿਆਨ ਪ੍ਰਾਪਤ ਕਰਨ ਦਾ ਫ਼ਲਸਫ਼ਾ ਦੁਨੀਆਂ ਵਿਚ ਚਰਚਿਤ ਰਿਹਾ। ਪਰ ਅੱਜ ਦੇ ਯੁੱਗ ਵਿੱਚ ਮਹਾਤਮਾ ਬੁੱਧ ਦਾ ਇਹ ਫ਼ਲਸਫਾ ਭਾਜਵਾਦੀ ਸੋਚ ਦਾ ਪ੍ਰਤੀਕ ਬਣ ਗਿਆ ਹੈ। ਜਸਵਿੰਦਰ ਨੇ ਮਹਾਤਮਾ ਬੁੱਧ ਦੀ ਇਸ ਇਤਿਹਾਸਕ-ਮਿੱਥ ਦਾ ਖੰਡਨ ਕਰਕੇ ਜ਼ਿੰਦਗੀ ਦੀ ਸੋਚ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ।
ਜਾਣ ਵੇਲੇ ਮੇਰੇ ਵਲ ਬਾਹਾਂ ਉਲਾਰੇ ਬਾਲ ਜੇ,
ਪਰਤ ਕੇ ਵੇਖਾਂ ਹੀ ਨਾ ਏਨਾ ਵੀ ਮੈਂ ਗੌਤਮ ਨਹੀਂ।
(ਕੱਕੀ ਰੇਤ ਦੇ ਵਰਕੇ, ਪੰਨਾ- 22)
ਮੁੱਕ ਹੀ ਜਾਣਾ ਸੀ ਝਗੜਾ, ਮਿਲ ਹੀ ਜਾਣੀ ਸੀ ਖ਼ੁਦਾਈ
ਜੇ ਕਿਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਕਾਫ਼ਰਾਂ 'ਤੇ
(ਅਗਰਬੱਤੀ, ਪੰਨਾ - 17)
ਕਵੀ ਲਈ ਗੌਤਮ ਬੁੱਧ ਦੀ ਤਰ੍ਹਾਂ ਜਿੰਮੇਵਾਰੀਆਂ ਤੋਂ ਭੱਜ ਕੇ, ਘਰ, ਪਤਨੀ ਅਤੇ ਬੱਚੇ ਤਿਆਗਣਾ ਪੈਗ਼ੰਬਰੀ ਰਾਹ ਨਹੀਂ ਸਗੋਂ ਸਧਾਰਨ ਵਿਅਕਤੀ ਤੋਂ ਵੀ ਨੀਵੇਂ ਦਰਜੇ ਦੀ ਸਮਝ ਹੈ। ਸਧਾਰਨ ਵਿਅਕਤੀ ਵੀ ਆਪਣੇ ਬੱਚਿਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਦਾ। ਸ਼ਾਇਰ ਨੇ ਇਸ ਗਿਆਨ ਪ੍ਰਾਪਤੀ ਦੀ ਮਿੱਥ ਨੂੰ ਤੋੜਦਿਆਂ ਲੋਕ- ਮਨ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਹੈ।
ਅੱਜ ਵੀ ਕੱਟ ਸਕਿਆ ਨਾ ਮੋਹ ਦਾ ਜਾਲ ਤੇ ਹਰਨਾ ਪਿਆ।
ਅੱਜ ਵੀ ਮੈਨੂੰ ਬੁੱਧ ਹੋਣਾ ਮੁਲਤਵੀ ਕਰਨਾ ਪਿਆ।
(ਕੱਕੀ, ਰੇਤ ਦੇ ਵਰਕੇ, ਪੰਨਾ- 19)