ਜਸਵਿੰਦਰ ਦੀ ਸੰਵੇਦਨਾ ਅਤੇ ਸਰੋਕਾਰ ਮਾਨਵੀ ਸਮਾਜ ਦੇ ਅਜੋਕੇ ਮਸਲਿਆਂ ਨਾਲ ਵੀ ਸੰਬੰਧਿਤ ਹਨ ਤੇ ਮਨੁੱਖੀ ਮਨ ਦੀਆਂ ਅਤ੍ਰਿਪਤ ਭਾਵਨਾਵਾਂ ਦੀ ਸੁਹਜਾਤਮਿਕ ਤ੍ਰਿਪਤੀ ਨਾਲ ਵੀ। ਅੱਜ ਜੀਵਨ ਦੀਆਂ ਦੁਸ਼ਵਾਰੀਆਂ, ਲੋੜਾਂ, ਥੁੜ੍ਹਾਂ ਅਤੇ ਮਾਨਸਿਕ ਤਣਾਓ ਆਦਿ ਸਮੱਸਿਆਵਾਂ ਤੋਂ ਮੂੰਹ ਮੋੜਨਾ ਮਨੁੱਖੀ ਧਰਮ ਨਹੀਂ ਸਗੋਂ ਇਹਨਾਂ ਸਮੱਸਿਆਵਾਂ ਦਾ ਟਾਕਰਾ ਕਰਨਾ ਇੱਕ ਕਰਮਯੋਗੀ ਯੋਧੇ ਦੀ ਪਛਾਣ ਹੈ। ਜਸਵਿੰਦਰ ਆਪਣੇ ਸਮਿਆਂ ਅਤੇ ਆਲੇ ਦੁਆਲੇ ਦੇ ਦੁੱਖਾਂ-ਸੁੱਖਾਂ ਤੋਂ ਸਚੇਤ ਹੈ ਪਰ ਉਹ ਨਿਰੀ ਮਾਅਰਕੇਬਾਜੀ ਨਹੀਂ ਕਰਦਾ ਸਗੋਂ ਭਾਸ਼ਾ ਦੀ ਲੈਅ ਅਤੇ ਰਵਾਨਗੀ ਨੂੰ ਕਾਇਮ ਰੱਖਦਿਆਂ ਸੰਵੇਦਨਸ਼ੀਲ ਮਨ ਦੀਆਂ ਗਹਿਰਾਈਆਂ 'ਚੋਂ ਆਪ ਮੁਹਾਰੇ ਫੁੱਟੇ ਝਰਨੇ ਦੀ ਤਰ੍ਹਾਂ ਆਪਣੀ ਸ਼ਾਇਰੀ ਸਾਡੇ ਰੂਬਰੂ ਕਰਦਾ ਹੈ। ਅੱਜ ਦਾ ਮਨੁੱਖ ਮੰਡੀ ਦੇ ਖਪਤ ਸਭਿਆਚਾਰ, ਵਿਸ਼ਵੀਕਰਨ ਅਤੇ ਲੋਕ ਵਿਰੋਧੀ ਸ਼ਕਤੀਆਂ ਦਾ ਸ਼ਿਕਾਰ ਹੋ ਕੇ ਸਹਿਜ ਜ਼ਿੰਦਗੀ ਜਿਊਣੀ ਭੁੱਲ ਗਿਆ ਹੈ ਅਤੇ ਇੱਕ ਸੰਵੇਦਨਹੀਣ ਮਸ਼ੀਨ ਬਣ ਕੇ ਰਹਿ ਗਿਆ ਹੈ।
ਲਤੀਫ਼ੇ ਸੁਣ ਨਹੀਂ ਹੱਸਦੇ ਨਾ ਰੋਂਦੇ ਮਰਸੀਏ ਸੁਣ ਕੇ,
ਪਤਾ ਨਹੀਂ ਲੋਕ ਹੁਣ ਸੰਵੇਦਨਾ ਕਿੱਧਰ ਗੁਆ ਆਏ।
ਕਿਵੇਂ ਬੀਜੋਗੇ ਮੋਹ ਦੇ ਹਰਫ਼ ਹੁਣ ਬੰਜਰ ਦਿਲਾਂ ਅੰਦਰ,
ਤੁਸੀਂ ਵਾਧੂ ਦੀਆਂ ਬਹਿਸਾਂ ’ਚ ਹੀ ਵੱਤਰ ਗੁਆ ਆਏ।
(ਕੱਕੀ ਰੇਤ ਦੇ ਵਰਕੇ, ਪੰਨਾ- 37)
ਜਸਵਿੰਦਰ ਆਪਣੀਆਂ ਗਜ਼ਲਾਂ ਵਿੱਚ ਧਾਰਮਿਕ ਜਨੂੰਨ, ਰੂੜੀਵਾਦ, ਇਤਿਹਾਸਕ ਮਿਥਿਹਾਸਕ ਮਨੁੱਖਤਾ ਵਿਰੋਧੀ ਮਿੱਥਾਂ, ਭ੍ਰਿਸ਼ਟ ਰਾਜਨੀਤੀ, ਕਿਰਤੀਆਂ ਦੀ ਦੁਰਦਸ਼ਾ ਨੂੰ ਪ੍ਰਸਤੁਤ ਕਰਦਾ ਅਤੇ ਲੋਕ-ਵਿਰੋਧੀ ਤਾਕਤਾਂ ਨੂੰ ਨਕਾਰਦਾ ਲੋਕ-ਮਨ ਵਿੱਚ ਭ੍ਰਿਸ਼ਟ ਰਾਜ ਪ੍ਰਬੰਧ ਵਿਰੁੱਧ ਲੜਨ ਦੀ ਚੇਤਨਾ ਪੈਦਾ ਕਰਦਾ ਹੈ। ਇਸ ਲਈ ਉਹ ਆਮ ਜੀਵਨ ਅਤੇ ਲੋਕ ਸਾਹਿਤ ਵਿੱਚੋਂ ਪ੍ਰਾਪਤ ਹਵਾਲਿਆਂ ਦੁਆਰਾ ਲੋਕਾਂ ਨੂੰ ਏਕੇ ਦੀ ਸ਼ਕਤੀ ਵਿੱਚ ਆਸਥਾ ਰੱਖਣ ਦੀ ਪ੍ਰੇਰਣਾ ਦਿੰਦਾ ਹੋਇਆ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੈ। ਸਮਾਜ ਦੀ ਕੜਵਾਹਟ ਨੂੰ ਆਪਣੀਆਂ ਗ਼ਜ਼ਲਾਂ ਦੁਆਰਾ ਪੇਸ਼ ਕਰਕੇ ਉਹ ਪਾਠਕਾਂ ਨੂੰ ਸੁਚੇਤ ਕਰਨ ਦੇ ਆਹਰ ਵਿੱਚ ਹੈ। ਰਵਾਇਤੀ ਇਸ਼ਕ-ਮੁਸ਼ਕ ਅਤੇ ਔਰਤ ਦੇ ਰੁਮਾਨੀ ਪਿਆਰ ਦੀ ਮਸਤੀ ਵਿੱਚ ਡੁੱਬੀਆਂ ਸ਼ਰਾਬ ਦੀਆਂ ਮਹਿਫਲਾਂ ਦੀ ਥਾਂ ਉਸ ਨੇ ਸਮਾਜ ਦੇ ਕੜਵਾਹਟ ਭਰੇ ਦਰਦ ਨੂੰ ਦੂਰ ਕਰਨ ਲਈ ਆਪਣੀਆਂ ਗ਼ਜ਼ਲਾਂ ਵਿੱਚ ਕੁਨੀਨ ਵਰਗਾ ਕੌੜਾ ਸੱਚ ਪੇਸ਼ ਕੀਤਾ ਹੈ। ਇਸ ਸੰਬਧੀ 'ਬਸ਼ੀਰ ਬਦਰ' ਦਾ ਇਹ ਸ਼ਿਅਰ ਪੰਜਾਬੀ ਗ਼ਜ਼ਲ ਵਿੱਚ ਆਈ ਤਬਦੀਲੀ ਦਾ ਬੋਧ ਕਰਾਉਂਦਾ ਹੈ।
ਗ਼ਜ਼ਲੇਂ ਅਬ ਤੱਕ ਸ਼ਰਾਬ ਪੀਤੀ ਥੀਂ
ਨੀਮ ਕਾ ਰਸ ਪਿਲਾ ਰਹੇ ਹੈਂ ਹਮ।