ਉਸ ਇਕ ਘੰਟੇ ਦਾ ਸਮਾਂ ਬੜਾ ਰੰਗਲਾ ਸੀ, ਕਿਉਂਕਿ ਉਸ ਵਿਚ ਪਾਲ ਦੇ ਆਉਣ ਦੀ ਉਡੀਕ ਸੀ। ਮਿੱਠੀ ਉਡੀਕ, ਅੱਖਾਂ ਚਮਕ ਰਹੀਆਂ ਸਨ। ਮੇਰੇ ਕੰਨ ਪੌੜੀਆਂ ਵਿਚ ਕਿਸੇ ਦੇ ਪੈਰਾਂ ਦੀ ਅਵਾਜ ਸੁਣ ਰਹੇ ਸਨ। ਪਰ ਨਹੀਂ ਇਹ ਤੇ ਮੇਰੇ ਹੀ ਦਿਲ ਦੀ ਧੜਕਣ ਸੀ । ਭੁੱਲਾਂ ਦਾ ਸੁਆਦ ਵੀ ਅਜਿਹੇ ਸਮੇਂ ਮਾਣਿਆ ਜਾਂਦਾ ਹੈ। ਇਕ ਦਮ ਹੀ ਅੰਦਰੋਂ ਕੁਝ ਉਤਪੰਨ ਹੋਇਆ, 'ਬੇਵਕੂਫ। ਉਹ ਤੇਰੀ ਕੀ ਲੱਗਦੀ ਹੈ, ਇਸ ਮਚਲਾਣ ਤੇ ਸ਼ਰਮ ਤਾਂ ਨਹੀਂ ਆਉਂਦੀ ?'
ਮੈਂ ਇਕ ਵਾਰ ਹੀ ਸੁੰਨ ਜਿਹਾ ਹੋ ਗਿਆ। ਮੈਨੂੰ ਆਪਣਾ ਆਪ ਕਿਰਦਾ-ਕਿਰਦਾ ਜਾਪਿਆ। ਸ਼ਰਮ ਨੇ ਮੇਰੇ ਅੰਗ ਨਿੱਸਲ ਕਰ ਦਿੱਤੇ ਅਤੇ ਮੈਨੂੰ ਕੁਝ ਸੁੱਝਦਾ ਨਹੀਂ ਸੀ।
ਪਰ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ। ਜੀਵਨ ਘਾਟੀ ਤੇ ਚੜ੍ਹਨ ਲਈ ਹਰ ਰਾਹੀਂ ਸਾਥੀ ਹੋ ਸਕਦਾ ਹੈ। ਪਿਆਰ ਪ੍ਰਭੂ ਦਾ ਆਪਣਾ ਕ੍ਰਿਸ਼ਮਾ ਹੈ।
ਕੋਈ ਨਾ ਕੋਈ ਦਲੀਲ ਹੀ ਆਦਮੀ ਨੂੰ ਗੁਨਾਹ ਲਈ ਮਜਬੂਰ ਕਰਦੀ ਹੈ। ਪਰ ਸ਼ਰ੍ਹਾ ਸਮਾਜ ਤੇ ਬੰਧਨਾਂ ਵਿਚ ਅੜਿਆ ਜੀਵਨ ਕਿਉਂ ਨਹੀਂ ਖੁਦਕਸ਼ੀ ਕਰਦਾ, ਕਿਉਂ ਦਮ ਘੁੱਟ ਘੁੱਟ ਸਾਹ ਖਿੱਚਦਾ ਹੈ। ਨਦੀਆਂ ਦੇ ਰਾਹ ਕੌਣ ਬਣਾਂਦਾ ਹੈ, ਕੜੀਆਂ ਨੂੰ ਖਿੜਨਾ ਕੌਣ ਦਸਦਾ ਹੈ, ਵੇਲਾਂ ਤੇ ਜੁਲਫਾਂ ਵਿਚ ਵਲ ਤੇ ਕੁੰਡਲ ਕੌਣ ਪਾਂਦਾ ਹੈ? ਹਵਾਵਾਂ ਨੂੰ ਕੌਣ ਮੌੜਦਾ ਹੈ ਤੇ ਸਾਗਰ ਦੀਆਂ ਛੱਲਾਂ ਨੂੰ ਕੋਣ ਰੋਕਦਾ ਹੈ? ਇਹ ਚੰਦਰਾ ਸਮਾਜ ਤੂਫਾਨ ਦੀ ਭੇਟਾ ਕਿਉਂ ਨਹੀਂ ਹੋ ਜਾਂਦਾ? ਇਹ ਨਾਕਾਮ ਬੰਧਨ ਜਲ ਪ੍ਰਵਾਹ ਕਿਉਂ ਨਹੀਂ ਹੁੰਦੇ ? ਗੁਲਾਮੀ ਦੀਆਂ ਜੰਜੀਰਾਂ ਅੱਗ ਵਿਚ ਕਿਉਂ ਨਹੀਂ ਢਲਦੀਆਂ। ਜੀਵਨ ਲਈ ਵਲਗਣ ਅਸਲੋਂ ਅਸੰਭਵ। ਭਗਵਾਨ ਦਾ ਆਪਣਾ ਨਾਹਰਾ ਪਿਆਰ ਹੈ ਤੇ ਉਸ ਦੇ ਪਿਆਰ ਦਾ ਸੌਦਾਈ ਅਮਲ, ਇਹ ਸੰਸਾਰ ਹੈ। ਜੋ ਸੰਸਾਰ ਸੁਪਨਾ ਹੈ ਤਾਂ ਮੇਰੀ ਕ੍ਰਿਆ ਸਥਿਰ ਨਹੀਂ। ਜੇ ਮੈਨੂੰ ਵੀ ਵਹਿਮ ਭੁਲਾ ਸਕਦੇ ਤੇ ਭੁਲੇਖੇ ਡਰਾ ਸਕਦੇ ਹਨ, ਤਦ ਮੇਰੀਆਂ ਸਾਰੀਆਂ ਨਿੱਕੀਆਂ ਮੋਟੀਆਂ ਕਿਤਾਬਾਂ ਨੂੰ ਦਰਿਆ ਸਪੁਰਦ ਕਰ ਦੇਵੋ ਅਤੇ ਲੋਹੇ ਦੇ ਲਾਲ ਸੂਹੇ ਕੀਲੇ ਮੇਰੇ ਦਿਮਾਗ ਵਿਚ ਠੋਕ ਦਿਓ, ਤਾਂਕਿ ਦਿਮਾਗੀ ਸ਼ਕਤੀ ਦੇ ਜੀਵਾਣੂੰ ਸੜ ਜਾਣ। ਉਹ ਜੀਵਨ ਨਹੀਂ, ਇਕ ਦੁੱਖਾਂ ਭਰੀ ਬਹੁੜੀ ਹੈ, ਜਿਸ ਵਿਚ ਇਕ ਵੀ ਬੰਧਨ ਹੈ। ਗੁਲਾਮੀ ਭਗਵਾਨ ਦੀ ਵੀ ਠੁਕਰਾ ਦਿਉ।
ਮੇਰੇ ਅੰਦਰ ਫਿਰ ਇਕ ਲਰਜਾ ਆਇਆ। ਪਰ ਮੈਂ ਆਪਣੇ ਆਪ ਨੂੰ ਹੋਸ਼ ਵਿਚ ਲਿਆਉਣ ਲਗਾ, ਜਿਵੇਂ ਮੈਂ ਪਾਗਲ ਅੱਗੇ ਬਕਵਾਸ ਕਰ ਰਿਹਾ ਸਾਂ। ਉਦੋਂ ਹੀ ਵਿਹੜੇ ਵਿਚ ਇਕ ਕੋਮਲ ਅਵਾਜ਼ ਨੇ ਕਿਸੇ ਤੋਂ ਪੁਛਿਆ, 'ਤੁਹਾਡੇ ਘਰ ਇਕ ਫੁੱਲ ਉਤਰਿਆ ਹੈ? ਮੇਰੇ ਭੁੱਖੇ ਕੰਨਾਂ ਨੇ ਝਟ ਜਾਣ ਲਿਆ ਕਿ ਇਹ ਕਿਸ ਦੀ ਅਵਾਜ਼ ਹੈ।
'ਪਰ ਭੌਰੇ ਨੂੰ ਬੜੀ ਦੂਰੋਂ ਸੁਗੰਧੀ ਨੇ ਖਿੱਚਿਆ?' ਇਹ ਤਾਰੇ ਦੇ ਹੱਸਦੇ ਬੋਲ ਸਨ।
'ਖਿੱਚ ਜੁ ਹੋਈ।
'ਜਿਹੜਾ ਕਲ੍ਹ ਆਥਣ ਦਾ ਖਿੜਿਆ ਹੋਇਆ ਹੈ, ਉਸ ਦੀ ਬੇ-ਕਰਾਰੀ ਵੀ ਦੇਖਣ ਵਾਲੀ ਹੈ।'