ਹਨ-ਸਵਰਗ ਤਾਂ ਇਥੇ ਹੀ ਹੈ ਦਰਵਾਜ਼ੇ ਪਿੱਛੇ ਤੇ ਅਗਲੇ ਕਮਰੇ ਵਿਚ ਪਰ ਮੈਂ ਤਾਂ ਚਾਬੀਆਂ ਹੀ ਗਵਾ ਲਈਆਂ ਨੇ । ਸ਼ਾਇਦ ਕਿਧਰੇ ਗ਼ਲਤ ਥਾਂ ਰੱਖ ਦਿੱਤੀਆਂ ਨੇ।
ਖ਼ਲੀਲ ਨੇ ਕਵਿਤਾ ਦੀ ਸਿਧਾਂਤਕ ਵਿਆਖਿਆ ਨਹੀਂ ਕੀਤੀ ਪਰ ਜੋ ਕਵਿਤਾ ਬਾਰੇ ਆਖਿਆ ਹੈ ਵੇਖਣਯੋਗ ਹੈ: ਕਵਿਤਾ ਵਿਵੇਕ ਹੈ ਜੋ ਦਿਲਾਂ ਨੂੰ ਮੋਂਹਦਾ ਹੈ। ਵਿਵੇਕ ਕਵਿਤਾ ਹੈ ਜੋ ਮਨਾਂ ਵਿਚ ਗਾਉਂਦੀ ਹੈ। ਖ਼ਲੀਲ ਨੇ ਸੰਗੀਤਕਾਰ ਬਾਰੇ ਬਹੁਤ ਪਿਆਰਾ ਬਚਨ ਕੀਤਾ ਹੈ—ਗਵੱਈਆ ਉਹ ਹੈ ਜੋ ਸਾਡੇ ਮਨਾਂ ਦੀ ਚੁੱਪ ਨੂੰ ਗਾਉਂਦਾ ਹੈ। ਚੁੱਪ ਸੰਗੀਤ ਬਾਰੇ ਉਹਨਾਂ ਦੇ ਬੋਲ ਦੇਖੋ—ਜਿਹੜਾ ਗੀਤ ਮਾਂ ਦੇ ਮਨ ਵਿਚ ਚੁੱਪ-ਚਾਪ ਪਿਆ ਹੈ, ਬਾਲ ਦੇ ਹੋਠਾਂ 'ਤੇ ਗਾਇਆ ਜਾਂਦਾ ਹੈ।
ਮਹਿਮਾਨ ਨਵਾਜ਼ੀ ਮਾਨਵਤਾ ਦੀ ਪ੍ਰਗਤੀ ਦਾ ਮਾਪਦੰਡ ਹੈ। ਹਰ ਕੌਮ ਦੇ ਆਪਣੇ ਢੰਗ ਹਨ ਮਹਿਮਾਨ ਨੂੰ ਰੀਝਾਉਣ ਦੇ ! ਖ਼ਲੀਲ ਦਾ ਬਚਨ ਦੇਖੋ-ਜੇਕਰ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਡੇ ਘਰ ਕਬਰਾਂ ਹਨ ਅਤੇ ਮਹਿਮਾਨ ਦੀ ਵਡਿਆਈ ਇਉਂ ਜ਼ਾਹਿਰ ਕੀਤੀ—ਮੈਂ ਆਪਣੇ ਮਹਿਮਾਨ ਨੂੰ ਦਹਿਲੀਜ਼ 'ਤੇ ਰੋਕਿਆ ਤੇ ਕਿਹਾ, “ਅੰਦਰ ਵੜਨ ਲੱਗੇ ਆਪਣੇ ਪੈਰ ਨਾ ਪੂੰਝੋ ਸਗੋਂ ਜਾਣ ਲੱਗਿਆਂ ਇਉਂ ਕਰਨਾ।"
ਕਈ ਵਾਰੀ ਮਹਿਮਾਨ ਨਵਾਜ਼ੀ ਨੂੰ ਲੈ ਕੇ ਉਹਨਾਂ ਵਿਅੰਗ ਵੀ ਬਹੁਤ ਕਮਾਲ ਦਾ ਕੀਤਾ ਹੈ, “ਇਕ ਮਿਹਰਬਾਨ ਬਘਿਆੜ ਨੇ ਇਕ ਸਾਧਾਰਨ ਜਿਹੀ ਭੇਡ ਨੂੰ ਆਖਿਆ ਕਿ ਕੀ ਤੁਸੀਂ ਮੇਰੇ ਘਰ ਤਸ਼ਰੀਫ਼ ਲਿਆ ਕੇ ਮੇਰਾ ਮਾਣ ਨਹੀਂ ਰੱਖੋਗੇ? ਅਤੇ ਭੇਡ ਨੇ ਜੁਆਬ ਦਿੱਤਾ-ਜਨਾਬ ਅਸੀਂ ਤੁਹਾਡੇ ਘਰ ਆਉਣ ਦਾ ਮਾਣ ਪ੍ਰਾਪਤ ਕਰਦੇ ਜੇਕਰ ਤੁਹਾਡੇ ਪੇਟ ਨਾ ਲੱਗਿਆ ਹੁੰਦਾ।”
ਕਈ ਅਮਰ ਸੱਚਾਈਆਂ ਖ਼ਲੀਲ ਦੀ ਰਚਨਾ ਵਿਚ ਹੀਰਿਆਂ ਵਾਂਗ ਜੜ੍ਹੀਆਂ ਹੋਈਆਂ ਹਨ-
'ਸਿਰਫ਼ ਮੇਰੇ ਨਾਲੋਂ ਘਟੀਆ ਬੰਦਾ ਹੀ ਮੇਰੇ ਨਾਲ ਈਰਖਾ ਜਾਂ ਨਫ਼ਰਤ ਕਰ ਸਕਦਾ ਹੈ।'
'ਭੁੱਲ ਜਾਣਾ ਇਕ ਰੂਪ ਹੈ ਆਜ਼ਾਦੀ ਦਾ।'
'ਯਾਦ ਕਰਨਾ ਵੀ ਤਾਂ ਮਿਲਣੀ ਦਾ ਰੂਪ ਹੀ ਹੈ।'