Back ArrowLogo
Info
Profile

2

ਉਹ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਉਥੇ ਹੀ ਛੱਡ ਕੇ ਆਪ ਅੱਗੇ ਵਧਿਆ ਤੇ ਉਸ ਬਗ਼ੀਚੇ ਵਲ ਨੂੰ ਤੁਰ ਪਿਆ, ਜੋ ਉਸ ਦੇ ਮਾਪਿਆਂ ਦਾ ਬਗ਼ੀਚਾ ਸੀ ਅਤੇ ਜਿਥੇ ਉਸ ਦੇ ਮਾਤਾ-ਪਿਤਾ ਤੇ ਉਸ ਦੇ ਦਾਦੇ-ਪੜਦਾ ਸਦਾ ਦੀ ਨੀਂਦ ਸੁੱਤੇ ਪਏ ਸਨ।

ਉਸ ਦੇ ਪਿੱਛੇ ਆਉਣ ਵਾਲਿਆਂ ਵਿਚ ਉਹ ਲੋਕ ਤੇ ਸਾਕ-ਸੰਬੰਧੀ ਸਨ ਜੋ ਇਹ ਸੋਚ ਰਹੇ ਸਨ ਕਿ ਇਹ ਉਸ ਦੀ ਘਰ ਵਾਪਸੀ ਸੀ ਪਰ ਉਹ ਇਕੱਲਾ ਸੀ, ਬਿਲਕੁਲ ਇਕੱਲਾ। ਉਸ ਦੇ ਆਪਣੇ ਸਕੇ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਨਹੀਂ ਸੀ ਰਿਹਾ, ਜੋ ਉਸ ਦੇ ਆਉਣ 'ਤੇ ਖ਼ੁਸ਼ੀ ਮਣਾ ਕੇ 'ਜੀ ਆਇਆਂ' ਕਹਿੰਦੇ ਸਿਵਾਏ ਇਹਨਾਂ ਲੋਕਾਂ ਤੋਂ, ਇਹੀ ਉਸ ਦੇ ਆਪਣੇ ਸਨ ।

ਪਰ ਜਹਾਜ਼ ਦਾ ਕਪਤਾਨ, ਜੋ ਉਸ ਦੀ ਮਾਨਸਕ ਅਵਸਥਾ ਨੂੰ ਸਮਝਦਾ ਸੀ, ਨੇ ਲੋਕਾਂ ਨੂੰ ਮਸ਼ਵਰਾ ਦਿੰਦਿਆਂ ਕਿਹਾ, "ਉਸ ਦੇ ਪਿੱਛੇ ਜਾਣ ਦਾ ਮਤਲਬ ਹੈ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣਾ। ਕਿਉਂਕਿ ਇਕਾਂਤਵਾਸ ਹੀ ਉਸ ਦੀ ਖ਼ੁਰਾਕ ਹੈ ਅਤੇ ਉਸ ਦੇ ਪਿਆਲੇ ਵਿਚ ਯਾਦਾਂ ਦੀ ਸ਼ਰਾਬ ਹੈ ਜੋ ਉਹ ਇਕੱਲਾ ਹੀ ਪੀਣਾ ਚਾਹੇਗਾ।"

ਕਪਤਾਨ ਦੇ ਇਹ ਸ਼ਬਦ ਸੁਣ ਕੇ ਮਲਾਹਾਂ ਦੇ ਅੱਗੇ ਵਧਦੇ ਕਦਮ ਰੁੱਕ ਗਏ; ਕਿਉਂਕਿ ਉਹ ਸਮਝ ਗਏ ਕਿ ਜਹਾਜ਼ ਦੇ ਕਪਤਾਨ ਨੇ ਜੋ ਕੁਝ ਉਹਨਾਂ ਨੂੰ ਕਿਹਾ ਹੈ ਠੀਕ ਹੀ ਕਿਹਾ ਹੈ। ਉਥੇ ਇਕੱਠੇ ਹੋਏ ਸਾਰੇ ਮਰਦਾਂ ਤੇ ਔਰਤਾਂ ਨੇ ਵੀ ਆਪਣੀ ਇੱਛਾ ਦੇ ਵਿਰੁੱਧ ਆਪਣੇ ਕਦਮਾਂ ਨੂੰ ਉਥੇ ਹੀ ਰੋਕ ਲਿਆ।

26 / 76
Previous
Next