3
ਅਲਮੁਸਤਫ਼ਾ ਸਿੱਧਾ ਆਪਣੇ ਮਾਪਿਆਂ ਦੇ ਬਗ਼ੀਚੇ ਵਿਚ ਪੁੱਜਾ, ਅੰਦਰ ਦਾਖ਼ਲ ਹੋਇਆ ਤੇ ਦਰਵਾਜ਼ਾ ਬੰਦ ਕਰ ਲਿਆ ਤਾ ਕਿ ਕੋਈ ਵੀ ਉਸ ਦੇ ਪਿੱਛੇ ਨਾ ਆਵੇ।
ਅਤੇ ਉਹ ਚਾਲ੍ਹੀ ਦਿਨ ਤੇ ਚਾਲ੍ਹੀ ਰਾਤਾਂ, ਉਸ ਘਰ ਦੇ ਬਗੀਚੇ ਵਿਚ ਬਿਲਕੁਲ ਇਕੱਲਾ ਹੀ ਰਿਹਾ, ਕੋਈ ਉਸ ਦੇ ਪਿੱਛੇ ਨਾ ਆਇਆ ਨਾ ਹੈ। ਫ਼ਾਟਕ ਤਕ ਕਿਉਂਕਿ ਇਹ ਬੰਦ ਸੀ । ਇਹ ਵੀ ਸਾਰੇ ਲੋਕ ਜਾਣਦੇ ਸਨ। ਕਿ ਉਹ ਅੰਦਰ ਇਕਾਂਤਵਾਸ ਵਿਚ ਹੈ।
ਚਾਲ੍ਹੀ ਦਿਨ ਤੇ ਚਾਲ੍ਹੀ ਰਾਤਾਂ ਬੀਤਣ ਉਪਰੰਤ, ਅਲਮੁਸਤਫ਼ਾ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਹ ਇਕ ਤਰ੍ਹਾਂ ਨਾਲ ਲੋਕਾਂ ਨੂੰ ਅੰਦਰ ਆਉਣ ਲਈ ਇਜਾਜ਼ਤ ਸੀ।
ਬਾਗ਼ ਵਿਚ ਉਸ ਦੇ ਕੋਲ ਨੌਂ ਵਿਅਕਤੀ ਆਏ, ਤਿੰਨ ਉਸ ਦੇ ਆਪਣੇ ਜਹਾਜ਼ ਦੇ ਮਲਾਹ ਸਨ, ਤਿੰਨ ਪੁਜਾਰੀ ਸਨ ਜੋ ਧਰਮ ਸਥਾਨ ਦੀ ਸੇਵਾ ਕਰਦੇ ਅਤੇ ਤਿੰਨ ਉਸ ਦੇ ਬਚਪਨ ਦੇ ਸਾਥੀ ਜਿਹਨਾਂ ਨਾਲ ਰਲ ਕੇ ਉਹ ਖੇਡਿਆ ਕਰਦਾ ਸੀ। ਇਹ ਸਾਰੇ ਉਸ ਦੇ ਚੇਲੇ ਸਨ।
ਇਕ ਸਵੇਰ ਨੂੰ ਉਹ ਸਾਰੇ ਉਸ ਦੇ ਆਲੇ-ਦੁਆਲੇ ਬਹਿ ਗਏ, ਇਹ ਵੇਖ ਕੇ ਉਸ ਦੀਆਂ ਬੀਤੇ ਦਿਨਾਂ ਦੀਆਂ ਵਿਸਰੀਆਂ ਯਾਦਾਂ ਤਾਜ਼ਾ ਹੋ ਗਈਆਂ। ਉਸ ਦੇ ਚੇਲਿਆਂ ਵਿੱਚੋਂ ਇਕ, ਜਿਸ ਦਾ ਨਾਂ ਹਾਫ਼ਿਜ਼ ਸੀ, ਨੇ ਉਸ ਕੋਲ ਬੇਨਤੀ ਕੀਤੀ, “ਮੇਰੇ ਮਾਲਕ, ਓਰਫ਼ਲੀਜ਼ ਸ਼ਹਿਰ ਬਾਰੇ ਸਾਨੂੰ ਜਾਣਕਾਰੀ ਦਿਓ ਤੇ ਉਸ ਧਰਤੀ ਬਾਰੇ ਚਾਨਣਾ ਪਾਓ ਜਿਥੇ ਤੁਸੀ ਜੀਵਨ ਦੇ ਬਾਰ੍ਹਾਂ ਸਾਲ ਬਿਤਾਏ।”