"ਅਤੇ ਕੀ ਚਰਵਾਹਾ ਆਪਣੇ ਇੱਜੜ ਨੂੰ ਕਹੇਗਾ: 'ਮੇਰੇ ਕੋਲ ਕੋਈ ਚਰਾਗਾਹ ਨਹੀਂ ਜਿਥੇ ਤੁਸੀਂ ਪੇਟ ਭਰ ਸਕੋ, ਇਸ ਲਈ ਤੁਸੀਂ ਆਪਣਾ ਜੀਵਨ ਖ਼ਤਮ ਕਰ ਲਵੋ, ਆਪਣੀ ਬਲੀ ਦੇ ਦਿਓ ?'
"ਨਹੀਂ ਮੇਰੇ ਦੋਸਤ, ਅਜਿਹਾ ਨਹੀਂ, ਇਹਨਾਂ ਸਾਰੀਆਂ ਗੱਲਾਂ ਦੇ ਜੁਆਬ, ਪੁੱਛਣ ਤੋਂ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ, ਜਿਵੇਂ ਕਿ ਤੁਹਾਡੇ ਸੌਣ ਤੋਂ ਪਹਿਲਾਂ ਹੀ ਤੁਹਾਡੇ ਸੁਪਨੇ ਪੂਰੇ ਹੋ ਗਏ ਹਨ।
"ਅਸੀ ਕੁਦਰਤ ਦੇ ਕਾਨੂੰਨ ਅਨੁਸਾਰ ਮੁੱਢ ਕਦੀਮ ਤੇ ਅਣਮਿਥੇ ਸਮੇਂ ਤੋਂ ਹੀ ਇਕ ਦੂਜੇ ਉੱਤੇ ਨਿਰਭਰ ਕਰਦੇ ਹਾਂ। ਆਓ, ਅਸੀ ਸਾਰੇ ਰਲ ਮਿਲ ਕੇ ਪਿਆਰ ਤੇ ਹਮਦਰਦੀ ਨਾਲ ਰਹੀਏ। ਆਪਣੀ ਇਕੱਲਤਾ ਵਿਚ ਇਕ ਦੂਸਰੇ ਦਾ ਸਾਥ ਮਾਣੀਏ ਅਤੇ ਉਹਨਾਂ ਰਾਹਵਾਂ ਉੱਤੇ ਮਿਲ-ਜੁਲ ਕੇ ਚਲੀਏ ਜਿਥੇ ਮਿਲ ਬੈਠਣ ਦਾ ਕੋਈ ਟਿਕਾਣਾ ਨਾ ਹੋਵੇ।
“ਮੇਰੇ ਦੋਸਤੋ, ਮੇਰੇ ਭਰਾਵੋ, ਇਹ ਵਿਸ਼ਾਲ ਰਸਤਾ ਹੀ ਤੁਹਾਡਾ ਸੰਗੀ ਸਾਥੀ ਹੈ।
“ਦਰੱਖ਼ਤ ਉੱਤੇ ਲਟਕਦੀ ਵੇਲ ਦੇ ਬੂਟੇ ਰਾਤ ਦੀ ਠੰਡਕ ਭਰੀ ਅਹਿਲਤਾ ਵਿਚ ਧਰਤੀ ਵਿੱਚੋਂ ਖ਼ੁਰਾਕ ਪ੍ਰਾਪਤ ਕਰਦੇ ਹਨ ਅਤੇ ਧਰਤੀ ਸ਼ਾਂਤ ਸੁਪਨਮਈ ਅਵਸਥਾ ਵਿਚ ਸੂਰਜ ਦੀ ਰੌਸ਼ਨੀ ਆਪਣੇ ਵਿਚ ਜਜ਼ਬ ਕਰਦੀ ਹੈ।
"ਅਤੇ ਸੂਰਜ, ਤੁਹਾਡੇ ਤੇ ਮੇਰੇ ਅਤੇ ਹੋਰ ਸਾਰਿਆਂ ਵਾਂਗ ਸ਼ਹਿਜ਼ਾਦੇ ਰਾਹੀਂ ਦਿੱਤੇ ਮਹਾਂਭੋਜ ਵਿਚ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਮਲ ਹੁੰਦਾ ਹੈ ਜਿਸਦੇ ਦਰਵਾਜ਼ੇ ਹਰ ਇਕ ਵਾਸਤੇ ਸਦਾ ਖੁੱਲ੍ਹੇ ਰਹਿੰਦੇ ਅਤੇ ਮਹਾਭੋਜ ਸਦਾ ਚਲਦਾ ਰਹਿੰਦਾ ਹੈ।
“ਮਾਨੁੱਸ, ਮੇਰੇ ਦੋਸਤ, ਇਥੇ ਜੋ ਕੁਝ ਵੀ ਹੈ ਇਕ ਦੂਸਰੇ ਉੱਤੇ ਨਿਰਭਰ ਕਰਦਾ ਹੈ; ਅਤੇ ਜੋ ਕੁਝ ਵੀ ਹੈ ਉਹ ਸਭ ਉਸ ਮਹਾਨ ਪਰਮਾਤਮਾ ਵਲੋਂ ਮਿਲੀਆਂ ਨੇਅਮਤਾਂ ਤੇ ਅਟੁੱਟ ਵਿਸ਼ਵਾਸ ਉੱਤੇ ਨਿਰਭਰ ਕਰਦਾ ਹੈ।”