11
ਇਕ ਸ਼ਾਮ ਨੂੰ ਬੜਾ ਹੀ ਤੇਜ਼ ਤੂਫ਼ਾਨ ਆਇਆ, ਅਲਮੁਸਤਫ਼ਾ ਆਪਣੇ ਨੌਂ ਚੇਲਿਆਂ ਸਮੇਤ ਅੰਦਰ ਜਾ ਕੇ ਅੱਗ ਦੁਆਲੇ ਬੈਠ ਗਏ। ਉਹ ਸਾਰੇ ਸ਼ਾਂਤ ਤੇ ਟਿਕਾਅ ਦੀ ਅਵਸਥਾ ਵਿਚ ਸਨ।
ਉਹਨਾਂ ਨੌਂ ਚੇਲਿਆਂ ਵਿੱਚੋਂ ਇਕ ਕਹਿਣ ਲੱਗਾ, "ਮੇਰੇ ਮਾਲਕ ਮੈਂ ਇਕੱਲੀ ਜਾਨ ਹਾਂ ਅਤੇ ਸਮੇਂ ਦੀਆਂ ਠੋਕਰਾਂ ਨੇ ਮੇਰੇ ਦਿਲ, ਦਿਮਾਗ਼ ਤੇ ਜਿਸਮ ਨੂੰ ਦਰੜ ਕੇ ਰੱਖ ਦਿੱਤਾ ਹੈ।"
ਅਲਮੁਸਤਫ਼ਾ ਉਠਿਆ ਤੇ ਉਹਨਾਂ ਵਿਚ ਜਾ ਖੜ੍ਹਾ ਹੋਇਆ ਅਤੇ ਤੇਜ਼ ਹਨੇਰੀ ਜਿਹੀ ਆਵਾਜ਼ ਵਿਚ ਉਹਨਾਂ ਨੂੰ ਸੰਬੋਧਨ ਕਰਦਾ ਕਹਿਣ ਲੱਗਾ, "ਇਕੱਲਾ ! ਇਸ ਨਾਲ ਕੀ ਫ਼ਰਕ ਪੈਂਦਾ ਏ ? ਤੂੰ ਇਸ ਦੁਨੀਆਂ ਵਿਚ ਇਕੱਲਾ ਹੀ ਆਇਆ ਏਂ ਅਤੇ ਇਕੱਲਿਆਂ ਹੀ ਧੁੰਦ ਵਿਚ ਵਿਲੀਨ ਹੋ ਜਾਣਾ ਏ।
"ਇਸ ਲਈ ਬਿਹਤਰ ਹੈ, ਆਪਣਾ ਪਿਆਲਾ ਇਕੱਲਾ ਹੀ ਚੁੱਪਚਾਪ ਪੀ ਜਾ। ਬਸੰਤ ਬਹਾਰ ਦੇ ਦਿਨਾਂ ਕੋਲ ਹੋਰ ਵੀ ਹੋਂਠ ਹਨ ਤੇ ਪਿਆਲੇ ਵੀ ਅਤੇ ਉਹ ਇਹ ਪਿਆਲੇ ਵਧੀਆ ਤੇ ਮਿੱਠੀ ਵਾਈਨ ਨਾਲ ਭਰੇਗੀ ਜਿਵੇਂ ਕਿ ਤੇਰੇ ਪਿਆਲੇ ਨੂੰ ਭਰਿਆ ਹੈ।
"ਆਪਣਾ ਪਿਆਲਾ ਇਕੱਲਿਆਂ ਹੀ ਪੀ ਜਾ ਭਾਵੇਂ ਇਸ ਵਿੱਚੋਂ ਤੈਨੂੰ ਆਪਣੇ ਹੀ ਖ਼ੂਨ ਤੇ ਹੰਝੂਆਂ ਦਾ ਸੁਆਦ ਕਿਉਂ ਨਾ ਆਉਂਦਾ ਹੋਵੇ, ਅਤੇ ਪਿਆਸ ਵਰਗੇ ਤੋਹਫ਼ੇ ਲਈ ਜ਼ਿੰਦਗੀ ਦਾ ਸ਼ੁਕਰਾਨਾ ਕਰ । ਕਿਉਂਕਿ ਪਿਆਸ ਵਰਗੀ ਨੇਅਮਤ ਤੋਂ ਬਿਨਾਂ ਤੇਰਾ ਦਿਲ ਵੀਰਾਨ ਸਮੁੰਦਰ ਦੇ ਕਿਨਾਰੇ ਵਾਂਗ ਹੈ ਜਿਥੇ ਲਹਿਰਾਂ ਦੇ ਸੰਗੀਤ ਦੀ ਕੋਈ ਆਵਾਜ਼ ਨਹੀਂ ਆਉਂਦੀ ਤੇ ਨਾ ਹੀ ਜਵਾਰਭਾਟਾ ਉਠਦਾ ਹੈ।