“ਆਪਣਾ ਪਿਆਲਾ ਇਕੱਲਿਆਂ ਹੀ ਪੀ ਜਾ ਤੇ ਪੀ ਵੀ ਖ਼ੁਸ਼ੀ ਖੁਸ਼ੀ।
"ਇਸ ਪਿਆਲੇ ਨੂੰ ਸਿਰ ਤੋਂ ਵੀ ਉੱਚਾ ਚੁੱਕ ਅਤੇ ਉਹਨਾਂ ਲੋਕਾਂ ਵਾਂਗ ਮਸਤ ਹੋ ਕੇ ਪੀ ਜੋ ਇਕੱਲਿਆਂ ਹੀ ਪੀਂਦੇ ਹਨ।
"ਇਕ ਵਾਰ ਮੈਨੂੰ ਕੁਝ ਵਿਅਕਤੀਆਂ ਦਾ ਸਾਥ ਮਿਲਿਆ ਤੇ ਮੈਂ ਉਹਨਾਂ ਦੇ ਨਾਲ ਮਹਾਭੋਜ ਦੀ ਮੇਜ਼ 'ਤੇ ਬੈਠ ਕੇ ਰੱਜ ਕੇ ਸ਼ਰਾਬ ਪੀਤੀ, ਪਰ ਉਸ ਸ਼ਰਾਬ ਦਾ ਨਸ਼ਾ ਨਾ ਤਾਂ ਮੇਰੇ ਸਿਰ ਨੂੰ ਚੜ੍ਹਿਆ ਤੇ ਨਾ ਹੀ ਮੇਰੇ ਸਰੀਰ ਉੱਤੇ ਅਸਰ ਕੀਤਾ। ਇਸ ਦਾ ਅਸਰ ਮੇਰੇ ਪੈਰਾਂ ਉੱਤੇ ਹੋਇਆ। ਮੇਰੀ ਸੂਝ ਬੂਝ ਜੁਆਬ ਦੇ ਗਈ ਤੇ ਮੇਰਾ ਦਿਲ ਸੁੰਨ ਹੋ ਕੇ ਰਹਿ ਗਿਆ ਸੀ। ਸਿਰਫ਼ ਮੇਰੇ ਪੈਰ ਧੁੰਦ ਵਿਚ ਉਹਨਾਂ ਦਾ ਸਾਥ ਦੇ ਰਹੇ ਸਨ।
“ ਉਸ ਤੋਂ ਬਾਅਦ ਮੈਂ ਕਦੇ ਕਿਸੇ ਦਾ ਸੰਗ ਨਾ ਕੀਤਾ, ਨਾ ਹੀ ਮੇਜ਼ 'ਤੇ ਬੈਠ ਕੇ ਉਹਨਾਂ ਨਾਲ ਸ਼ਰਾਬ ਪੀਤੀ।
“ਇਸ ਲਈ ਮੈਂ ਤੈਨੂੰ ਕਹਿੰਦਾ ਹਾਂ, ਭਾਵੇਂ ਸਮੇਂ ਦੀ ਪੈੜ ਤੈਨੂੰ ਦਰੜ ਕੇ ਰੱਖ ਦੇਵੇ, ਕੋਈ ਗੱਲ ਨਹੀਂ ? ਤੇਰੇ ਲਈ ਇਹੀ ਬਿਹਤਰ ਹੈ ਕਿ ਤੂੰ ਆਪਣੇ ਗ਼ਮਾਂ ਦਾ ਪਿਆਲਾ ਇਕੱਲਿਆਂ ਹੀ ਪੀ ਅਤੇ ਖ਼ੁਸ਼ੀ ਦਾ ਪਿਆਲਾ ਵੀ ਤੂੰ ਇਕੱਲਿਆਂ ਹੀ ਪੀਵੇਂਗਾ।”