ਨਰਕ ਉਹਨਾਂ ਵਾਸਤੇ ਹੈ ਜੋ ਅੱਗ ਸਾਹਮਣੇ ਵੀ ਹਥਿਆਰ ਨਹੀਂ ਸੁੱਟਦੇ।’
"ਸਮਝਦਾਰ ਫ਼ਰਿਸ਼ਤਾ! ਉਹ ਚੰਗੇ ਤੇ ਮਾੜੇ ਮਨੁੱਖਾਂ ਦੇ ਰੰਗ-ਢੰਗ ਜਾਣਦਾ ਹੈ। ਉਹ ਉਹਨਾਂ ਦੈਵੀ ਪੁਰਸ਼ਾਂ ਵਿੱਚੋਂ ਇਕ ਹੈ ਜੋ ਪੈਗ਼ੰਬਰ ਉੱਤੇ ਉਦੋਂ ਨਜ਼ਰਸਾਨੀ ਕਰਦਾ ਹੈ ਜਦੋਂ ਉਹ ਚਤੁਰ ਮਨੁੱਖਾਂ ਦੀ ਚਾਲ ਵਿਚ ਫਸ ਕੇ ਲਾਲਸਾ ਵੱਸ ਉਧਰ ਖਿਚੇ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪੈਗ਼ੰਬਰਾਂ ਦੀ ਮੁਸਕਾਨ ਵੇਖ ਕੇ ਮੁਸਕਰਾਂਦਾ ਅਤੇ ਉਹਨਾ ਦੇ ਦੁੱਖ ਵੇਲੇ ਰੋਂਦਾ ਹੈ।
"ਮੇਰੇ ਦੋਸਤੋ ਤੇ ਮੇਰੇ ਮਲਾਹੋ; ਕੇਵਲ ਵਸਤਰ-ਹੀਣ ਹੀ ਸੂਰਜ ਦੀ ਗਰਮੀ ਝੇਲਦੇ ਹੋਏ ਜ਼ਿੰਦਾ ਰਹਿੰਦੇ ਹਨ। ਕੇਵਲ ਪਤਵਾਰ-ਹੀਣ ਹੀ ਵਿਸ਼ਾਲ ਸਮੁੰਦਰ ਨੂੰ ਪਾਰ ਕਰ ਸਕਦੇ ਹਨ। ਉਹ ਜੋ ਰਾਤ ਪੈਣ 'ਤੇ ਸੌਂਦਾ ਹੈ, ਪ੍ਰਭਾਤ ਹੋਣ 'ਤੇ ਜਾਗੇਗਾ ਅਤੇ ਜੋ ਬਰਫ਼ ਪੈਣ ਵੇਲੇ ਦਰੱਖ਼ਤ ਹੇਠ ਸੌਣ ਦਾ ਹੌਂਸਲਾ ਕਰ ਸਕਦਾ ਹੈ, ਉਹ ਹੀ ਬਸੰਤ ਬਹਾਰ ਮਾਣੇਗਾ।
“ਤੁਸੀ ਤਾਂ ਜੜ੍ਹਾਂ ਵਾਂਗ ਹੋ, ਸਿੱਧੇ ਸਾਦੇ ਜਿਹੇ; ਪਰ ਧਰਤੀ ਤੋਂ ਤੁਹਾਨੂੰ ਸੂਝ-ਬੂਝ ਪ੍ਰਾਪਤ ਹੋਈ ਹੈ। ਭਾਵੇਂ ਤੁਸੀ ਚੁੱਪ ਹੋ, ਸ਼ਾਂਤ ਹੋ ਪਰ ਤੁਹਾਡੇ ਅੰਦਰ ਦੀਆਂ ਅਣਜੰਮੀਆਂ ਭਾਵਨਾਵਾਂ ਵਿਚ ਚਾਰੇ ਦਿਸ਼ਾਵਾਂ ਦੀਆਂ ਹਵਾਵਾਂ ਦਾ ਸੰਗੀਤ ਹੈ।
"ਤੁਸੀ ਕਮਜ਼ੋਰ ਹੋ ਤੇ ਆਕਾਰਹੀਣ ਵੀ, ਫਿਰ ਵੀ ਤੁਸੀ ਉੱਚੇ ਲੰਮੇ ਓਕ ਦਰੱਖ਼ਤ ਦੀ ਹੋਂਦ ਦੀ ਸ਼ੁਰੂਆਤ ਹੋ ਅਤੇ ਵਿਸ਼ਾਲ ਆਕਾਸ਼ ਉੱਤੇ ਜਿਵੇਂ ਬੈਂਤ ਨਾਲ ਉਲੀਕਿਆ ਮੱਧਮ ਜਿਹਾ ਆਕਾਰ।
"ਮੈਂ ਤੁਹਾਨੂੰ ਇਕ ਵਾਰੀ ਫਿਰ ਕਹਿੰਦਾ ਹਾਂ ਕਿ ਤੁਸੀ ਕਾਲੀ ਸਿਆਹ ਧਰਤੀ ਤੇ ਗਤੀਸ਼ੀਲ ਆਕਾਸ਼ ਵਿਚਕਾਰ ਜੜ੍ਹਾਂ ਹੋ । ਮੈਂ ਅਕਸਰ ਤੁਹਾਨੂੰ ਦਿਨ ਦੇ ਉਜਾਲੇ ਵੇਲੇ ਨੱਚਣ ਲਈ ਉਤਾਵਲੇ ਹੁੰਦਿਆਂ ਵੇਖਿਆ ਹੈ ਪਰ ਨਾਲ ਹੀ ਅਦਿੱਖ ਹੁੰਦੇ ਵੀ ਤੱਕਿਆ ਹੈ । ਜੜ੍ਹਾਂ ਸਾਰੀਆਂ ਹੀ ਅਦਿੱਖ ਹੁੰਦੀਆਂ ਹਨ। ਉਹ ਆਪਣੇ ਦਿਲ ਦੇ ਭੇਦ ਉਦੋਂ ਤਕ ਗੁੱਝਾ ਰੱਖਦੀਆਂ ਹਨ, ਜਦ ਤਕ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਸ ਭੇਦ ਦਾ ਪ੍ਰਗਟਾ ਕਿਵੇਂ ਕਰਨ।
“ਪਰ ਬਹਾਰ ਆਏਗੀ; ਬਹਾਰ ਇਕ ਚੰਚਲ ਕੁਮਾਰੀ ਹੈ; ਉਹ ਪਹਾੜੀਆਂ ਤੇ ਮੈਦਾਨਾਂ ਵਿਚ ਹਰਿਆਵਲ ਹੀ ਹਰਿਆਵਲ ਕਰ ਦੇਵੇਗੀ।”