17
ਜਦੋਂ ਰਾਤ ਡੂੰਘੀ ਪੈ ਗਈ ਤਾਂ ਉਸ ਦੇ ਕਦਮ ਆਪਣੀ ਮਾਂ ਦੀ ਕਬਰ ਵਲ ਵਧੇ; ਉਹ ਉਸ ਥਾਂ ਕਬਰ ਦੇ ਨੇੜੇ ਉੱਗੇ ਹੋਏ ਦਿਓਦਾਰ ਦੇ ਦਰੱਖ਼ਤ ਹੇਠ ਬਹਿ ਗਿਆ । ਉਥੇ ਆਕਾਸ਼ ਦੀ ਰੌਸ਼ਨੀ ਸਿੱਧੀ ਪੈ ਰਹੀ ਸੀ ਅਤੇ ਬਗੀਚਾ ਇੰਜ ਚਮਕਦਾ ਜਾਪਦਾ ਸੀ ਜਿਵੇਂ ਧਰਤੀ ਦੀ ਹਿੱਕ ਉੱਤੇ ਬਹੁਮੁੱਲਾ ਹੀਰਾ ਪਿਆ ਹੋਵੇ।
ਉਸ ਇਕੱਲ ਵਿਚ ਉਸ ਦੀ ਆਤਮਾ ਕੁਰਲਾ ਉਠੀ ਤੇ ਉਹ ਆਪ ਮੁਹਾਰਾ ਕਹਿਣ ਲੱਗਾ:
“ਮੇਰੀ ਆਤਮਾ ਆਪਣੇ ਹੀ ਪੱਕੇ ਹੋਏ ਫ਼ਲਾਂ ਦੇ ਭਾਰ ਹੇਠ ਦੱਬੀ ਪਈ ਹੈ। ਕੌਣ ਹੈ ਜੋ ਆ ਕੇ ਇਹ ਫ਼ਲ ਲੈ ਕੇ ਸੰਤੁਸ਼ਟ ਹੋ ਜਾਵੇ ? ਕੀ ਕੋਈ ਵੀ ਅਜਿਹਾ ਨਹੀਂ ਜਿਸ ਨੇ ਵਰਤ ਰੱਖਿਆ ਹੋਵੇ, ਜੋ ਰਹਿਮ ਦਿਲ ਤੇ ਦਇਆਲੂ ਹੋਵੇ ਤੇ ਆ ਕੇ ਸੂਰਜ ਦੇਵਤਾ ਪ੍ਰਤੀ ਮੇਰੇ ਵਲੋਂ ਪਹਿਲੇ ਚੜ੍ਹਾਵੇ ਨਾਲ ਆਪਣਾ ਵਰਤ ਖੋਲ੍ਹੇ ਅਤੇ ਮੇਰੇ ਆਪਣੇ ਹੀ ਭਾਰ ਨਾਲ ਲੱਦੀ ਆਤਮਾ ਦਾ ਬੋਝ ਹਲਕਾ ਕਰੇ ?
"ਮੇਰੀ ਆਤਮਾ ਯੁਗਾਂ-ਯੁਗਾਤਰਾਂ ਦੀ ਸ਼ਰਾਬ ਨਾਲ ਭਰਪੂਰ ਰਹੀ ਹੈ। ਕੀ ਕੋਈ ਅਜਿਹਾ ਪਿਆਸਾ ਨਹੀਂ ਜੋ ਆ ਕੇ ਆਪਣੀ ਪਿਆਸ ਬੁਝਾਵੇ ?
"ਇਕ ਵਾਰੀ ਇਕ ਆਦਮੀ ਚੌਰਾਹੇ ਵਿਚ ਆਉਂਦੇ ਜਾਂਦੇ ਰਾਹੀਆਂ ਵਲ ਹੱਥ ਫੈਲਾ ਕੇ ਖੜਾ ਸੀ ਜੋ ਹੀਰੇ ਜਵਾਹਰਾਤ ਨਾਲ ਭਰੇ ਹੋਏ ਸਨ। ਉਹ ਆਉਂਦੇ ਜਾਂਦੇ ਰਾਹੀਆਂ ਅੱਗੇ ਵਾਸਤੇ ਪਾ ਰਿਹਾ ਸੀ: “ਮੇਰੇ ਉੱਤੇ ਤਰਸ ਕਰੋ ਅਤੇ ਇਹ ਹੀਰੇ ਜਵਾਹਰਾਤ ਲੈ ਜਾਓ। ਰੱਬ ਦੇ ਵਾਸਤੇ ਮੇਰੇ ਹੱਥਾਂ ਵਿੱਚੋਂ ਇਹ ਚੁਕ ਲਵੋ ਤਾਕਿ ਮੈਨੂੰ ਸ਼ਾਂਤੀ ਮਿਲੇ।”