"ਪਰ ਆਉਂਦੇ ਜਾਂਦੇ ਰਾਹੀ ਕੇਵਲ ਉਸ ਵਲ ਵੇਖਦੇ ਤੇ ਅੱਗੇ ਲੰਘ ਜਾਂਦੇ, ਕਿਸੇ ਨੇ ਵੀ ਹੱਥ ਤੋਂ ਕੁਝ ਨਾ ਚੁਕਿਆ।
"ਜੇ ਕਦੇ ਉਹ ਭਿਖਾਰੀ ਹੁੰਦਾ ਤੇ ਕੁਝ ਲੈਣ ਵਾਸਤੇ ਹੱਥ ਅੱਡੇ ਹੁੰਦੇ, ਕੰਬਦੇ ਹੱਥ ਅਤੇ ਮੁੜ ਖ਼ਾਲੀ ਹੱਥ ਆਪਣੇ ਸੀਨੇ ਨਾਲ ਲਾ ਲੈਂਦਾ, ਉਹ ਉਸ ਨਾਲੋਂ ਬਿਹਤਰ ਸੀ ਜੋ ਤੋਹਫ਼ਿਆਂ ਨਾਲ ਭਰੇ ਹੱਥ ਦੇਣ ਵਾਸਤੇ ਅੱਗੇ ਕਰਦਾ ਸੀ ਪਰ ਕੋਈ ਕਬੂਲ ਕਰਨ ਲਈ ਤਿਆਰ ਨਹੀਂ ਸੀ ਹੁੰਦਾ।
“ਇਸੇ ਤਰ੍ਹਾਂ ਦਾ ਇਕ ਵਾਕਿਆ ਦਇਆਲੂ ਸ਼ਹਿਜ਼ਾਦੇ ਦਾ ਹੈ, ਜਿਸ ਨੇ ਪਹਾੜ ਅਤੇ ਰੇਗਿਸਤਾਨ ਵਿਚ ਆਪਣੇ ਸ਼ਾਹੀ ਤੰਬੂ ਗੱਡ ਦਿੱਤੇ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਅੱਗ ਬਾਲ ਦਿਓ ਤਾ ਕਿ ਅਜਨਬੀਆਂ ਤੇ ਭੁੱਲੇ ਭਟਕਿਆਂ ਨੂੰ ਉਹਨਾਂ ਦੀ ਮੌਜੂਦਗੀ ਦਾ ਪਤਾ ਲੱਗ ਜਾਏ; ਅਤੇ ਆਪਣੇ ਗ਼ੁਲਾਮਾਂ ਨੂੰ ਸੜਕ ਵਲ ਭੇਜਿਆ ਤਾਕਿ ਕੋਈ ਮਹਿਮਾਨ ਮਿਲੇ ਤਾਂ ਲੈ ਆਉਣਾ ਪਰ ਰੇਗਿਸਤਾਨ ਦੀਆਂ ਸੜਕਾਂ ਤੇ ਰਸਤੇ ਉਜਾੜ ਸਨ, ਕੋਈ ਵੀ ਉਧਰੋਂ ਨਾ ਲੰਘਿਆ।
"ਜੇ ਕਿਤੇ ਉਹ ਸ਼ਹਿਜ਼ਾਦਾ, ਇਕ ਸਾਧਾਰਨ ਗ਼ਰੀਬੜਾ ਆਦਮੀ ਹੁੰਦਾ, ਰੋਟੀ ਤੇ ਆਸਰੇ ਦੀ ਤਲਾਸ਼ ਵਿਚ ਭਟਕਦਾ। ਜੇ ਕਿਤੇ ਉਹ ਭੁਲਿਆ ਭਟਕਿਆ ਅਜਨਬੀ ਹੁੰਦਾ ਜਿਸ ਕੋਲ ਕੇਵਲ ਇਕ ਡੰਡਾ ਤੇ ਮਿੱਟੀ ਦੇ ਬਰਤਨ ਤੋਂ ਸਿਵਾਏ ਕੁਝ ਨਾ ਹੁੰਦਾ। ਅਤੇ ਰਾਤ ਪੈਂਦਿਆਂ ਉਹ ਆਪਣੇ ਵਰਗੇ ਗ਼ਰੀਬੜੇ ਸਾਥੀਆਂ ਤੇ ਸਾਧਾਰਨ ਅਣਜਾਣ ਕਵੀਆਂ ਨੂੰ ਮਿਲਦਾ ਤੇ ਉਹਨਾਂ ਨਾਲ ਆਪਣੀ ਭਿਖਿਆ, ਯਾਦਾਂ ਤੇ ਸੁਪਨਿਆਂ ਨੂੰ ਸਾਂਝਾ ਕਰਦਾ ਤਾਂ ਕਿਤੇ ਬਿਹਤਰ ਸੀ।
"ਇਸੇ ਤਰ੍ਹਾਂ ਦੀ ਇਕ ਘਟਨਾ ਬਾਦਸ਼ਾਹ ਦੀ ਧੀ ਦੀ ਹੈ ਜੋ ਨੀਂਦ ਤੋਂ ਜਾਗੀ, ਉਸ ਨੇ ਰੇਸ਼ਮੀ ਕਪੜੇ ਪਹਿਣੇ ਤੇ ਹੀਰੇ ਮੋਤੀਆਂ ਨਾਲ ਹਾਰ ਸ਼ਿੰਗਾਰ ਕੀਤਾ, ਵਾਲਾਂ ਉੱਤੇ ਖ਼ੁਸ਼ਬੂਦਾਰ ਤੇਲ ਲਾਇਆ ਤੇ ਜਿਸਮ ਉੱਤੇ ਖ਼ੁਸ਼ਬੂ ਲਾਈ। ਉਹ ਮਹਿਲਾਂ ਵਿੱਚੋਂ ਉਤਰ ਕੇ ਬਾਗ਼ ਵਿਚ ਪੁੱਜੀ ਜਿਥੇ ਰਾਤ ਵੇਲੇ ਪਈ ਤ੍ਰੇਲ ਨਾਲ ਉਸ ਦੇ ਸੁਨਹਿਰੀ ਸੈਂਡਲ ਭਿੱਜ ਗਏ।
“ਸ਼ਾਂਤਮਈ ਰਾਤ ਵਿਚ ਬਾਦਸ਼ਾਹ ਦੀ ਧੀ ਬਗ਼ੀਚੇ ਵਿਚ ਪਿਆਰ ਦੀ ਤਲਾਸ਼ ਵਿਚ ਆਈ, ਪਰ ਉਸ ਦੇ ਪਿਤਾ ਦੇ ਵਿਸ਼ਾਲ ਰਾਜ ਵਿਚ ਕੋਈ