ਇਕ ਵੀ ਨੌਜੁਆਨ ਅਜਿਹਾ ਨਹੀਂ ਸੀ ਜੋ ਉਸ ਨੂੰ ਪਿਆਰ ਕਰਦਾ।
"ਜੇ ਕਿਤੇ ਉਹ ਇਕ ਕਿਸਾਨ ਦੀ ਧੀ ਹੁੰਦੀ, ਜੋ ਖੇਤਾਂ ਵਿਚ ਭੇਡਾਂ ਚਾਰਦੀ ਅਤੇ ਸ਼ਾਮ ਨੂੰ ਸੜਕਾਂ ਦੀ ਮਿੱਟੀ ਧੂੜ ਨਾਲ ਲਥਪਥ ਪੈਰਾਂ ਨਾਲ ਉਹ ਘਰ ਪਰਤਦੀ; ਉਸ ਦੇ ਕਪੜਿਆਂ ਵਿੱਚੋਂ ਅੰਗੂਰਾਂ ਦੇ ਬਾਗ਼ਾਂ ਦੀ ਮਹਿਕ ਆਉਂਦੀ ਹੁੰਦੀ। ਅਤੇ ਰਾਤ ਨੂੰ ਜਦੋਂ ਸਾਰੀ ਦੁਨੀਆਂ ਨੀਂਦ ਰਾਣੀ ਦੀ ਗੋਦ ਵਿਚ ਮਸਤ ਪਈ ਹੁੰਦੀ ਤਾਂ ਉਸ ਦੇ ਚੁਪਕੇ ਜਿਹੇ ਧੀਮੇ ਕਦਮ ਦਰਿਆ ਦੀ ਘਾਟੀ ਵਲ ਆਪ ਮੁਹਾਰੇ ਉੱਠਦੇ ਜਿਥੇ ਉਸ ਦਾ ਪ੍ਰੇਮੀ ਉਸ ਦੀ ਉਡੀਕ ਵਿਚ ਘੜੀਆਂ ਗਿਣ ਰਿਹਾ ਹੁੰਦਾ। (ਉਸ ਬਾਦਸ਼ਾਹ ਦੀ ਧੀ ਨਾਲੋਂ ਕਿਤੇ ਵਧ ਖ਼ੁਸ਼ਕਿਸਮਤ ਸੀ।)
"ਜੇ ਕਦੇ ਉਹ ਸੰਤਨੀ (ਨੱਨ) ਹੁੰਦੀ, ਜੋ ਵੀਰਾਨ ਜਗ੍ਹਾ 'ਤੇ ਆਸ਼ਰਮ ਵਿਚ ਧੂਫ਼ ਦੀ ਥਾਂ ਆਪਣੇ ਸਾਹਾਂ ਨੂੰ ਬਾਲ ਰਹੀ ਹੁੰਦੀ ਤਾ ਕਿ ਉਸ ਦੇ ਸਾਹ ਹਵਾ ਵਿਚ ਰਲ ਸਕਣ, ਅਤੇ ਉਹ ਆਪਣੇ ਹੋਰ ਸਾਰੇ ਸਾਥੀਆਂ, ਜੋ ਪੂਜਾ ਕਰਦੇ, ਪਿਆਰ ਕਰਦੇ ਤੇ ਪਿਆਰੇ ਜਾਂਦੇ, ਨਾਲ ਮਿਲ ਕੇ ਆਪਣੀ ਆਤਮਾ ਦੀ ਬੁਝਦੀ ਲੋਅ ਨੂੰ ਕਾਇਮ ਰੱਖਣ ਦਾ ਯਤਨ ਕਰਦੀ ਤਾ ਕਿ ਇਹ ਰੌਸ਼ਨੀ ਉਸ ਮਹਾਨ ਰੌਸ਼ਨੀ ਵਲ ਉੱਠ ਸਕੇ।
"ਕਾਸ਼ ਕਿਤੇ ਉਹ ਬਜ਼ੁਰਗ ਔਰਤ ਹੁੰਦੀ ਜੋ ਧੁੱਪੇ ਬੈਠ ਕੇ, ਜਵਾਨੀ ਵਿਚ ਆਪਣੇ ਸਾਥੀ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ।"
ਰਾਤ ਹੋਰ ਡੂੰਘੀ ਪਸਰ ਗਈ ਸੀ ਅਤੇ ਅਲਮੁਸਤਫ਼ਾ ਸ਼ਾਂਤ ਰਾਤ ਦੇ ਮਾਹੌਲ ਵਿਚ ਹੋਰ ਗੰਭੀਰ ਹੋ ਗਿਆ ਸੀ ਅਤੇ ਉਸ ਦੀ ਆਤਮਾ ਜਿਵੇਂ ਅਣਵੱਸਿਆ ਬੱਦਲ ਹੋਵੇ। ਉਸ ਦੇ ਅੰਦਰੋਂ ਫਿਰ ਚੀਸ ਉਠੀ :
“ਮੇਰੀ ਆਤਮਾ ਆਪਣੇ ਹੀ ਪੱਕੇ ਫ਼ਲਾਂ ਦੇ ਭਾਰ ਨਾਲ ਲੱਦੀ ਹੋਈ ਹੈ,
ਮੇਰੀ ਆਤਮਾ ਆਪਣੇ ਹੀ ਫ਼ਲਾਂ ਦੇ ਭਾਰ ਹੇਠ ਦੱਬੀ ਹੋਈ ਏ।
ਕੌਣ ਹੈ ਜੋ ਆਏਗਾ ਤੇ ਫ਼ਲ ਖਾ ਕੇ ਸੰਤੁਸ਼ਟ ਹੋ ਜਾਏਗਾ ?
ਮੇਰੀ ਆਤਮਾ ਆਪਣੀ ਹੀ ਸ਼ਰਾਬ ਨਾਲ ਲਬਾਲਬ ਭਰੀ ਹੋਈ ਏ।
ਕੌਣ ਹੈ ਜੋ ਇਹ ਸ਼ਰਾਬ ਪਿਆਲੇ ਵਿਚ ਪਾ ਕੇ ਪੀ ਲਵੇ ਤੇ ਪਿਆਸੇ ਦਿਲ ਦੀ ਪਿਆਸ ਬੁਝਾਏਗਾ ?