ਪਰ ਜਿਸ ਨੇ ਆਪਣਾ ਗੀਤ ਹਵਾ ਲਈ ਗਾਇਆ
ਉਹ ਇਹ ਗੀਤ ਬ੍ਰਹਿਮੰਡ ਲਈ ਵੀ ਗਾਏਗਾ।"
ਇਹ ਗੱਲਾਂ ਸੁਣ ਕੇ ਚੇਲੇ ਤਾਂ ਜਿਵੇਂ ਪੱਥਰ ਵਾਂਗ ਅਹਿਲ ਖੜੇ ਸਨ ਪਰ ਅੰਦਰੋਂ ਇਸ ਗੱਲ ਕਾਰਨ ਦੁੱਖੀ ਸਨ ਕਿਉਂਕਿ ਉਸ ਨੇ ਕਿਹਾ ਸੀ, "ਮੈਂ ਤੁਹਾਡੇ ਤੋਂ ਵਿਛੜ ਕੇ ਜਾ ਰਿਹਾ ਹਾਂ।" ਪਰ ਕੋਈ ਵੀ ਵਿਅਕਤੀ ਉਸ ਨੂੰ ਰੋਕਣ ਦਾ ਹੌਂਸਲਾ ਨਾ ਕਰ ਸਕਿਆ ਤੇ ਨਾ ਹੀ ਉਸ ਦੇ ਪਿੱਛੇ ਪਿੱਛੇ ਜਾਣ ਦਾ।
ਅਲਮੁਸਤਫ਼ਾ ਆਪਣੇ ਮਾਪਿਆਂ ਦੇ ਬਾਗ਼ ਵਿੱਚੋਂ ਬਾਹਰ ਆਇਆ, ਉਸ ਦੀ ਚਾਲ ਵਿਚ ਤੇਜ਼ੀ ਸੀ ਪਰ ਪੈੜ ਚਾਪ ਸੁਣਾਈ ਨਹੀਂ ਸੀ ਦੇਂਦੀ; ਅਤੇ ਘੜੀਆਂ ਪਲਾਂ ਵਿਚ ਉਹ ਤੇਜ਼ ਹਵਾ ਨਾਲ ਉੱਡਦੇ ਪੱਤੇ ਵਾਂਗ ਉਹਨਾਂ ਤੋਂ ਬਹੁਤ ਦੂਰ ਚਲਾ ਗਿਆ; ਉਹਨਾਂ ਸਾਰਿਆਂ ਨੇ ਵੇਖਿਆ ਜਿਵੇਂ ਦੂਰ ਉੱਚਾਈਆਂ ਤੋਂ ਪੀਲੀ ਰੌਸ਼ਨੀ ਹਿਲਦੀ ਹੋਵੇ।
ਉਸ ਦੇ ਨੌਂ ਚੇਲੇ ਹੇਠਾਂ ਸੜਕ ਵਲ ਰਾਹ ਪਏ। ਪਰ ਉਹ ਔਰਤ ਢਲਦੀ ਰਾਤ ਵਿਚ ਉਥੇ ਹੀ ਅਹਿਲ ਖੜੀ ਰਹੀ, ਉਸ ਨੇ ਅਜੂਬਾ ਵੇਖਿਆ ਕਿਵੇਂ ਰੌਸ਼ਨੀ ਤੇ ਧੁੰਦਲਕਾ ਇਕ-ਮਿੱਕ ਹੋ ਚੁੱਕੇ ਸਨ; ਅਤੇ ਉਸ ਨੇ ਉਸ ਦੇ ਹੀ ਕਹੇ ਸ਼ਬਦਾਂ ਨਾਲ ਆਪਣੇ ਸੁੰਨੇਪਣ ਤੇ ਇਕੱਲਤਾ ਨੂੰ ਧਰਵਾਸ ਦਿੱਤੀ : "ਮੈਂ ਚੱਲਿਆ ਹਾਂ, ਪਰ ਜੇ ਮੈਂ ਕੋਈ ਸੱਚਾਈ ਤੁਹਾਨੂੰ ਬਿਨਾ ਦੱਸੇ ਚਲਾ ਜਾਂਦਾ ਹਾਂ ਤਾਂ ਉਹ ਸੱਚਾਈ ਮੈਨੂੰ ਤਲਾਸ਼ ਕਰੇਗੀ, ਮੇਰੀ ਖਿੰਡੀ-ਪੁੰਡੀ ਹੋਂਦ ਨੂੰ ਇਕੱਠਾ ਕਰੇਗੀ ਤੇ ਮੈਂ ਫਿਰ ਆਵਾਂਗਾ।"