ਅਨੰਤ ਸਾਗਰ
ਮੈਂ ਚਿਰਕਾਲ ਤੋਂ ਸਾਗਰ ਦੇ ਕਿਨਾਰਿਆਂ ਉੱਤੇ ਰੇਤ ਤੇ ਝੱਗ ਦੇ ਵਿਚ-ਵਿਚਾਲੇ ਘੁੰਮ ਰਿਹਾ ਹਾਂ । ਆਉਣ ਵਾਲਾ ਜੁਆਰਭਾਟਾ ਮੇਰੀਆਂ ਪੈੜਾਂ ਮਿਟਾ ਦੇਵੇਗਾ ਤੇ ਝੱਗ ਨੂੰ ਪੌਣ ਉਡਾ ਲੈ ਜਾਏਗੀ, ਪਰ ਸਾਗਰ ਤੇ ਇਸ ਦਾ ਕਿਨਾਰਾ ਸਦਾ ਕਾਇਮ ਰਹਿਣਗੇ।
ਇਕ ਵਾਰ ਮੈਂ ਮੁੱਠੀ ਵਿਚ ਰੇਤ ਉਠਾਈ, ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਹੈਰਾਨੀ ਹੋਈ ਕਿ ਰੇਤ ਦੀ ਥਾਂ ਇਕ ਨਿੱਕਾ ਜਿਹਾ ਕੀਟਾਣੂ ਹਿਲਜੁਲ ਕਰ ਰਿਹਾ ਸੀ । ਮੈਂ ਆਪਣੀ ਮੁੱਠੀ ਮੀਟ ਲਈ, ਫਿਰ ਖੋਲ੍ਹ ਕੇ ਦੇਖਿਆ ਤਾਂ ਉਸ ਕੀਟ ਦੀ ਥਾਂ ਇਕ ਨਿੱਕਾ ਜਿਹਾ ਪੰਛੀ ਨਜ਼ਰ ਆਇਆ। ਮੈਂ ਇਕ ਵਾਰ ਫਿਰ ਹੱਥ ਬੰਦ ਕਰ ਲਿਆ, ਮੁੜ ਖੋਲ੍ਹਿਆ ਤਾਂ ਕੀ ਦੇਖਦਾ ਹਾਂ ਕਿ ਇਸੇ ਦੀ ਡੂੰਘ ਵਿਚ ਉਪਰ ਨੂੰ ਮੂੰਹ ਕਰੀ ਕੋਈ ਉਦਾਸ ਮਨੁੱਖ ਖਲੋਤਾ ਹੈ । ਮੈਂ ਫਿਰ ਮੁੱਠੀ ਮੀਟੀ ਅਤੇ ਫਿਰ ਖੋਲ੍ਹੀ ਤਾਂ ਉਥੇ ਧੂੜ ਦੇ ਕਿਣਕੇ ਤੋਂ ਸਿਵਾ ਕੁਝ ਵੀ ਨਹੀਂ ਸੀ।
ਇਕ ਅਨੋਖੀ ਮਧੁਰਤਾ ਵਾਲਾ ਗੀਤ ਸੁਣਾਈ ਦੇ ਰਿਹਾ ਸੀ। ਕਲ੍ਹ ਤਕ ਮੈਂ ਇਹੋ ਸਮਝਦਾ ਸੀ ਕਿ ਮੇਰੀ ਆਤਮਾ ਜੀਵਨ ਦੇ ਵਿਸ਼ਾਲ ਦਿਸਹੱਦੇ 'ਤੇ ਇਕ ਨਿੱਕਾ ਜਿਹਾ ਜ਼ੱਰਾ ਮਾਤਰ ਹੈ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਵਿਸ਼ਾਲ ਦਿਸਹੱਦਾ ਮੈਂ ਹੀ ਹਾਂ ਤੇ ਇਹ ਸਾਰੀ ਹਰਕਤ ਮੇਰੇ ਅੰਦਰ ਹੋ ਰਹੀ ਹੈ, ਪਰ ਉਹ ਮੈਨੂੰ ਸਮਝਾਉਂਦੇ ਹੋਏ ਕਹਿੰਦੇ ਹਨ, "ਤੁਸੀਂ ਤੇ ਤੁਹਾਡਾ ਨਿਵਾਸ-ਇਹ ਵਿਸ਼ਵ ਅਨੰਤ ਸਾਗਰ ਦੇ ਕੰਢੇ 'ਤੇ ਰੇਤ ਦਾ ਕਿਣਕਾ ਮਾਤਰ ਹੈ।” ਲੇਕਿਨ ਮੈਂ ਸੁਪਨਈ ਰੰਗ ਵਿਚ ਉਨ੍ਹਾਂ ਨੂੰ ਕਹਿ ਕੇ ਸੁਣਾ ਰਿਹਾ ਹਾਂ—"ਮੈਂ ਹੀ ਇਕ ਅਨੰਤ ਸਾਗਰ ਹਾਂ ਤੇ ਇਹ ਸਾਰਾ ਵਿਸ਼ਵ ਮੇਰੇ ਹੀ ਕਿਨਾਰੇ ਉੱਤੇ ਰੇਤ-ਕਣਾਂ ਵਾਂਗ ਪਸਰਿਆ ਹੋਇਆ ਹੈ।”