ਆਤਮਾ ਦੀ ਅਮਰਤਾ
ਸ਼ੇਖ਼- ਆਤਮਾ ਦੀ ਹਸਤੀ ਦਾ ਸਬੂਤ ਉਸ ਦੇ ਅੰਦਰ ਹੀ ਹੈ, ਬਾਹਰਲੀ ਰੂਪ-ਰੇਖਾ ਤੇ ਚਿਣ ਤੋਂ ਉਸ ਦੀ ਪਛਾਣ ਸੰਭਵ ਨਹੀਂ। ਕੋਈ ਕਹਿੰਦਾ ਹੈ ਕਿ ਜਦ ਆਤਮਾ ਪੂਰਨਤਾ ਨੂੰ ਪੁੱਜਦੀ ਹੈ ਤਾਂ ਉਹ ਜੀਵਨ ਤੋਂ ਮੁਕਤ ਹੋ ਜਾਂਦੀ ਹੈ। ਇਹ ਆਤਮਾ ਫਲ ਦੇ ਸਮਾਨ ਹੈ, ਜਦ ਫਲ ਪੱਕ ਜਾਂਦਾ ਹੈ ਤਾਂ ਉਹ ਹਵਾ ਦੇ ਬੁੱਲੇ ਨਾਲ ਆਪਣੇ ਆਪ ਡਿੱਗ ਪੈਂਦਾ ਹੈ। ਕਈ ਕਹਿੰਦੇ ਹਨ ਕਿ ਸਰੀਰ ਹੀ ਸਭ ਕੁਝ ਹੈ, ਆਤਮਾ ਜਾਂ ਮਨ ਕੋਈ ਚੀਜ਼ ਨਹੀਂ। ਮੌਤ ਆਖ਼ਰੀ ਅਵਸਥਾ ਹੈ, ਜਦ ਆਤਮਾ ਸਰੀਰ ਤੋਂ ਅਲਹਿਦਾ ਹੋ ਜਾਂਦੀ ਹੈ। ਜਿਵੇਂ ਸਖ਼ਤ ਗਰਮੀ ਪੈਣ ਕਾਰਨ ਝੀਲ ਸੁੱਕ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਵੀ ਨਾਲ ਅਲੋਪ ਹੋ ਜਾਂਦਾ ਹੈ, ਪਰੰਤੂ ਆਤਮਾ ਤਾਂ ਸਦਾ ਅਬਿਨਾਸ਼ੀ ਹੈ।
ਨੌਜੁਆਨ- ਜੰਗਲ ਸਰੀਰ ਤੇ ਆਤਮਾ ਵਿਚ ਭਿੰਨ-ਭੇਦ ਨਹੀਂ ਕਰਦਾ। ਉਸ ਲਈ ਤਾਂ ਸਾਗਰ, ਝੀਲ, ਤ੍ਰੇਲ ਤੇ ਧੁੰਦ ਸਭ ਇੱਕੋ ਹਨ। ਧਰਤੀ ਤਾਂ ਗੰਧਵਾਨ ਹੈ, ਇਸ ਦਾ ਖੇੜਾ ਤੇ ਮਹਿਕ ਸਭ ਥਾਂ ਵਿਆਪਕ ਹੈ।
ਸ਼ੇਖ਼- ਇਸ ਧਰਤੀ ਦੇ ਬੇਟੇ ਦੀ ਮੌਤ ਤਾਂ ਨਿਸਚਤ ਹੈ ਲੇਕਿਨ ਜੋ ਪ੍ਰਾਣ ਸਰੂਪ ਹੈ, ਉਸ ਦੀ ਮੌਤ ਇਕ ਤਰ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਹੈ। ਜੇਕਰ ਕੋਈ ਸੁਪਨਿਆਂ ਵਿਚ ਪ੍ਰਭਾਤ ਦਾ ਆਲਿੰਗਨ ਕਰਦਾ ਹੈ, ਤਾਂ ਉਹ ਸੱਚਮੁੱਚ ਅਮਰਤਾ ਦਾ ਅਧਿਕਾਰੀ ਹੈ; ਜਿਸ ਤਰ੍ਹਾਂ ਜਹਾਜ਼ ਰੌਸ਼ਨ-ਮੁਨਾਰੇ ਨੂੰ ਪਾਰ ਕਰ ਜਾਂਦਾ ਹੈ, ਇਸੇ ਤਰ੍ਹਾਂ ਮੌਤ ਵੀ ਇਸ ਨੂੰ ਪਾਰ ਕਰਦੀ ਹੋਈ ਆਪਣਾ ਭਾਰ ਹਲਕਾ ਕਰਦੀ ਜਾਂਦੀ ਹੈ।
ਨੌਜੁਆਨ- ਕੁਦਰਤੀ ਜੰਗਲ ਵਿਚ ਨਾ ਮੌਤ ਹੈ, ਨਾ ਕਬਰਿਸਤਾਨ। ਬਸੰਤ ਦੇ ਬੀਤ ਜਾਣ ਉਪਰੰਤ ਵੀ ਅਨੰਦ ਦਾ ਰਾਜ ਖ਼ਤਮ ਨਹੀਂ ਹੁੰਦਾ। ਮੌਤ ਦਾ ਭੈ ਇਕ ਕ੍ਰਾਂਤੀ ਹੈ ਜੋ ਕਿ ਸਾਧੂਆਂ ਦੇ ਸੀਨੇ ਵਿਚ ਸੁਲਘਦਾ ਹੈ। ਸਾਡੇ ਲਈ ਬਹਾਰ ਦਾ ਮੌਸਮੀ ਮੇਲਾ ਤੇ ਯੁਗਾਂ ਦੀ ਲੰਮੀ ਉਮਰ-ਦੋਵੇਂ ਬਰਾਬਰ ਹਨ।