ਮੈਨੂੰ ਵੰਝਲੀ ਦਿਉ ਤੇ ਗਾਉਣ ਵਜਾਉਣ ਦਿਉ ਕਿਉਂਕਿ ਸੰਗੀਤ ਹੀ ਅਮਰ ਹੈ। ਇਹ ਖ਼ੁਸ਼ੀ ਗ਼ਮੀ ਤੋਂ ਬਾਦ ਵੀ ਜ਼ਿੰਦਾ ਰਹਿੰਦਾ ਹੈ ਅਤੇ ਸਦਾ ਸਥਿਰ ਹੈ।
ਇਸ਼ਕ
ਸ਼ੇਖ਼- ਵਿਜਈ ਯੋਧਿਆਂ ਦਾ ਜਸ ਅਸੀਂ ਆਮ ਤੌਰ 'ਤੇ ਭੁੱਲ ਜਾਂਦੇ ਹਾਂ ਤੇ ਸਾਨੂੰ ਉਨ੍ਹਾਂ ਦਾ ਕ੍ਰੋਧ ਤੇ ਪਾਗਲਪਣ ਹੀ ਯਾਦ ਰਹਿੰਦਾ ਹੈ। ਸਿਕੰਦਰ ਦੇ ਮਨ ਵਿਚ ਸੰਸਾਰ-ਵਿਜਈ ਹੋਣ ਦੀ ਲਾਲਸਾ ਤੇਜ਼ ਸੀ, ਉਸ ਦਾ ਹੱਲਾ ਇਕ ਕਤਲਗਾਹ ਸੀ। ਆਸ਼ਕ ਮਜਨੂੰ ਦੀ ਬਿਰਹੋਂ-ਵੇਦਨਾ ਉਸ ਦੀ ਵਿਜੈ ਸੀ, ਵਡਿਆਈ ਸੀ। ਉਸ ਦੇ ਹਿਰਦੇ ਨੂੰ ਅਸੀਂ ਇਕ ਪਵਿੱਤਰ ਮੰਤਰ ਤਸੱਵਰ ਕਰਦੇ ਹਾਂ। ਇਸਕ ਦਾ ਪ੍ਰਗਟਾਵਾ ਸਰੀਰ ਦੁਆਰਾ ਨਹੀਂ ਬਲਕਿ ਰੂਹ ਦੁਆਰਾ ਹੋਣਾ ਸ੍ਰੇਸ਼ਟ ਹੈ ਕਿਉਂਕਿ ਰੂਹ ਰਾਹੀਂ ਹੀ ਅਸਲ ਪ੍ਰੇਮ ਪ੍ਰਭਾਵਿਤ ਹੁੰਦਾ ਹੈ। ਜਿਸ ਤਰ੍ਹਾਂ ਸ਼ਰਾਬ ਜੋਸ਼ ਦੇਣ ਨਾਲ ਹੀ ਕੱਢੀ ਜਾਂਦੀ ਹੈ ਤੇ ਫਿਰ ਸਾਡੀ ਰੂਹ ਨੂੰ ਮਤਵਾਲਾ ਬਣਾਉਂਦੀ ਹੈ, ਇਸੇ ਤਰ੍ਹਾਂ ਇਲਾਹੀ ਇਸ਼ਕ ਦੁਆਰਾ ਅਸੀਂ ਰੱਬੀ ਵਰਦਾਨ ਨੂੰ ਲੈਣ ਦੇ ਯੋਗ ਹੁੰਦੇ ਹਾਂ।
ਨੌਜੁਆਨ- ਜੰਗਲ ਵਿਚ ਤਾਂ ਮਤਵਾਲੇ ਦੀ ਮਿੱਠੀ ਯਾਦ ਹੀ ਕਾਇਮ ਹੈ। ਜ਼ਾਲਮ ਜਾਬਰ ਦੀਆਂ ਕਰਤੂਤਾਂ ਦਾ ਚਰਚਾ ਕਰਨ ਦਾ ਉਥੇ ਕਿਸੇ ਨੂੰ ਸ਼ੌਕ ਨਹੀਂ, ਇਹ ਤਾਂ ਇਤਿਹਾਸ ਵਿਚ ਹੀ ਹੁੰਦਾ ਹੈ। ਇਸ਼ਕ ਦਾ ਮੰਦਰ ਸਦਾ ਅਮਰ ਤੇ ਅੱਟਲ ਹੈ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ। ਜਾਬਰ ਦੀ ਨਿਰਦੈਤਾ ਭੁੱਲ ਜਾਓ। ਕੰਵਲ ਫੁੱਲ ਦੀ ਰਚਨਾ ਇਸ ਲਈ ਕੀਤੀ ਗਈ ਹੈ ਕਿ ਤ੍ਰੇਲ ਦੇ ਮੋਤੀ ਸਾਂਭੇ ਜਾਣ। ਪ੍ਰੇਮੀ ਵਿਆਕੁਲ ਹੋ ਕੇ ਵੀ ਆਪਣੀ ਪਿਆਸ ਬੁਝਾਉਣੀ ਨਹੀਂ ਚਾਹੁੰਦਾ। ਲੋਕ ਪੁੱਛਦੇ ਹਨ ਕਿ ਲਹੂ ਦੇ ਹੰਝੂ ਕਿਉਂ ਕੇਰਦਾ ਹੈਂ ?