ਸ਼ਾਂਤ ਸਰੂਰ ਨਾਲ ਭਰ ਜਾਂਦੀ ਹੈ। ਇਕਾਂਤ ਦੀਆਂ ਘੜੀਆਂ ਵਿਚ ਜਦੋਂ ਜੀਵਨ ਦੇ ਜ਼ਹਿਰੀਲੇ ਤੀਰ ਮੇਰੇ ਦਿਲ ਵਿਚ ਖੁਭਦੇ ਅਤੇ ਜਦੋਂ ਮੈਂ ਜੀਵਨ ਦੀਆਂ ਜੰਜੀਰਾਂ ਰਾਹੀਂ ਧਰਤੀ ਨਾਲ ਬਝਿਆ ਹੁੰਦਾ ਹਾਂ ਤਾਂ ਮੈਂ ਆਪਣੀ ਸਾਥਣ ਵਲ ਵੇਖਦਾ ਹਾਂ ਜੋ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖ ਰਹੀ ਹੁੰਦੀ ਹੈ, ਮੇਰੀ ਗਮੀ ਖੁਸ਼ੀ ਵਿਚ ਬਦਲ ਜਾਂਦੀ ਹੈ ਅਤੇ ਮੈਨੂੰ ਜੀਵਨ ਖੁਸ਼ੀ ਭਰਿਆ ਅਦਨ ਦਾ ਬਾਗ਼ ਜਾਪਦਾ ਹੈ।
"ਤੁਸੀਂ ਪੁਛੋਗੇ ਕਿ ਅਜਿਹੀ ਅਜੀਬੋ ਗਰੀਬ ਹੋਂਦ ਨਾਲ ਮੈਂ ਕਿਵੇਂ ਸੰਤੁਸ਼ਟ ਹੋ ਸਕਦਾ ਹਾਂ, ਅਤੇ ਮੇਰੇ ਵਰਗਾ ਆਦਮੀ, ਜਵਾਨੀ ਦੀ ਰੁੱਤੇ ਖਿਆਲੀ ਅਤੇ ਕਾਲਪਨਿਕ ਸਾਏ ਬਾਰੇ ਸੋਚਕੇ ਕਿਵੇਂ ਖੁਸ਼ੀ ਮਾਣ ਸਕਦਾ ਹੈ ? ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜਿਹੀ ਅਵਸਥਾ ਵਿਚ ਮੈਂ ਜਿਹੜੇ ਸਾਲ ਬਿਤਾਏ ਹਨ, ਜੋ ਵੀ ਮੈਂ ਜ਼ਿੰਦਗੀ, ਖੂਬਸੂਰਤੀ, ਖੁਸ਼ੀ ਅਤੇ ਸਕੂਨ ਬਾਰੇ ਗਿਆਨ ਹਾਸਲ ਕੀਤਾ ਹੈ ਉਹ ਸਭ ਉਸ ਲਈ ਅਣਗੌਲੇ ਜਿਹੇ ਪੱਥਰ ਹਨ।
"ਕਿਉਂਕਿ ਮੇਰੀ ਖ਼ਿਆਲੀ ਸਾਥਣ ਅਤੇ ਮੈਂ ਉਹਨਾਂ ਵਿਚਾਰਾਂ ਵਾਂਗ ਰਹੇ ਹਾਂ ਜੋ ਆਜ਼ਾਦੀ ਨਾਲ ਸੂਰਜ ਸਾਹਵੇਂ ਵਿਚਰਦੇ, ਜਾਂ ਪਾਣੀਆਂ ਦੀਆਂ ਸਤਰ ਉਤੇ ਤੈਰਦੇ, ਚਾਂਦਨੀ ਰਾਤ ਵਿਚ ਗੀਤ ਗਾਉਂਦੇ-ਅਮਨ ਦਾ ਇਕ ਗੀਤ, ਜੋ ਆਤਮਾ ਨੂੰ ਸਕੂਨ ਦੇਂਦਾ ਅਤੇ ਅਦੁੱਤੀ ਖੂਬਸੂਰਤੀ ਵਲ ਖਿੱਚਦਾ ਹੈ।
"ਜ਼ਿੰਦਗੀ ਉਹ ਹੁੰਦੀ ਹੈ ਜੋ ਅਸੀਂ ਆਤਮਾ ਦੀਆਂ ਅੱਖਾਂ ਰਾਹੀਂ ਵੇਖਦੇ ਤੇ ਅਨੁਭਵ ਕਰਦੇ ਹਾਂ, ਪਰ ਸਾਡੇ ਆਲੇ ਦੁਆਲੇ ਦੀ ਦੁਨੀਆ ਨੂੰ ਅਸੀ ਤਰਕ ਅਤੇ ਗਿਆਨ ਰਾਹੀਂ ਜਾਣ ਸਕਦੇ ਹਾਂ। ਅਤੇ ਅਜਿਹਾ ਗਿਆਨ ਸਾਨੂੰ ਬੇਹੱਦ ਗਮ ਜਾਂ ਖੁਸ਼ੀ ਦੇਂਦਾ ਹੈ। ਇਹ ਗ਼ਮ ਹੀ ਸੀ ਜੋ ਮੈਨੂੰ ਤੀਹ ਸਾਲ ਦੀ ਉਮਰ ਤੋਂ ਪਹਿਲਾਂ ਮਿਲਣਾ ਤੇ ਮੇਰੀ ਤਕਦੀਰ ਵਿਚ ਭੋਗਣਾ ਲਿਖਿਆ ਸੀ। ਚੰਗਾ ਹੁੰਦਾ ਜੇ ਮੈਂ ਉਸ ਉਮਰ ਤਕ ਪੁੱਜਣ ਤੋਂ ਪਹਿਲਾਂ ਮਰ ਗਿਆ ਹੁੰਦਾ; ਜਿਹੜੇ ਸਾਲਾਂ ਨੇ ਮੇਰੇ ਜੀਵਨ ਦਾ ਸਾਹ ਸੱਤ ਤੇ ਜਿਗਰ ਦਾ ਖੂਨ ਨਿਚੋੜ ਲਿਆ ਸੀ ਅਤੇ ਮੈਨੂੰ ਬਿਨਾਂ ਪੱਤਿਆਂ ਤੋਂ ਮੁਰਝਾਈਆਂ ਟਹਿਣੀਆਂ ਵਾਲੇ ਦਰਖ਼ਤ ਵਾਂਗ ਕਰ ਛਡਿਆ ਸੀ ਜੋ