"ਪਰ ਜਦੋਂ ਮੈਂ ਜਹਾਜ਼ ਉਤੇ ਸਵਾਰ ਹੋਣ ਲਗਾ, ਜਬਰਦਸਤ ਤਬਦੀਲੀ ਨੇ ਮੇਰੇ ਉਤੇ ਗਲਬਾ ਪਾ ਲਿਆ। ਮੈਂ ਮਹਿਸੂਸ ਕੀਤਾ ਕਿ ਕੋਈ ਅਜੀਬ ਖਿੱਚ ਹੱਥ ਫੜ ਕੇ ਮੈਨੂੰ ਪਿਛੇ ਖਿੱਚ ਰਹੀ ਹੋਵੇ ਅਤੇ ਮੈਨੂੰ ਆਪਣੇ ਅੰਦਰੇ ਇਕ ਧੀਮੀ ਜਿਹੀ ਆਵਾਜ਼ ਸੁਣਾਈ ਦੇਂਦੀ ਕਿ 'ਵਾਪਿਸ ਆ ਜਾਹ! ਨਾ ਜਾਹ। ਇਸ ਤੋਂ ਪਹਿਲਾਂ ਕਿ ਜਹਾਜ਼ ਕਿਨਾਰੇ ਤੇ ਠਿਲ੍ਹ ਪਵੇ ਵਾਪਿਸ ਆ ਜਾਹ।'
"ਮੈਂ ਇਸ ਆਵਾਜ਼ ਵਲ ਧਿਆਨ ਹੀ ਨਾ ਦਿਤਾ। ਪਰ ਜਦੋਂ ਜਹਾਜ਼ ਠਿਲ੍ਹ ਪਿਆ, ਮੈਂ ਉਸ ਛੋਟੇ ਜਿਹੇ ਪਰਿੰਦੇ ਵਾਂਗ ਮਹਿਸੂਸ ਕੀਤਾ ਜੋ ਅਚਾਨਕ ਬਾਜ ਦੇ ਪੰਜਿਆਂ ਵਿਚ ਫਸਿਆ ਪਿਆ ਆਕਾਸ਼ ਵਿਚ ਉੱਚਾ ਲਟਕ ਰਿਹਾ ਹੋਵੇ।
"ਸੰਝ ਵੇਲੇ ਜਿਉਂ ਹੀ ਲੈਬਨਾਨ ਦੇ ਪਹਾੜ ਤੇ ਚੋਟੀਆਂ ਅਖੋਂ ਓਹਲੇ ਹੁੰਦੇ ਗਏ ਮੈਂ ਆਪਣੇ ਆਪ ਨੂੰ ਜਹਾਜ਼ ਦੀ ਅਗਲੀ ਨੁੱਕਰ ਉਤੇ ਇਕੱਲਾ ਮਹਿਸੂਸ ਕੀਤਾ। ਮੈਂ ਆਲੇ ਦੁਆਲੇ ਆਪਣੇ ਸੁਪਨਿਆ ਦੀ ਔਰਤ, ਜਿਸਨੂੰ ਮੈਂ ਦਿਲੋਂ ਪਿਆਰ ਕੀਤਾ ਸੀ, ਜੋ ਮੇਰੀ ਚਿਰਾਂ ਦੀ ਸਾਥਣ ਰਹੀ ਸੀ, ਵਲ ਝਾਤੀ ਮਾਰੀ, ਪਰ ਉਹ ਉਥੇ ਮੇਰੇ ਕੋਲ ਨਹੀਂ ਸੀ। ਆਕਾਸ਼ ਵਲ ਤਕਦਿਆਂ ਹੀ ਜਿਹੜੀ ਸੋਹਣੀ ਮੁਟਿਆਰ ਦਾ ਚਿਹਰਾ ਜਦੋਂ ਵੀ ਵੇਖਦਾ ਹੁੰਦਾ ਸਾਂ, ਰਾਤ ਦੀ ਚੁੱਪੀ ਵਿਚ ਜਿਹੜੀ ਆਵਾਜ਼ ਮੈਨੂੰ ਸੁਣਾਈ ਦਿੰਦੀ ਸੀ, ਬੇਰੂਤ ਦੀਆਂ ਗਲੀਆਂ ਵਿਚ ਤੁਰਦਿਆਂ ਜਿਸਦਾ ਹੱਥ ਮੇਰੇ ਹੱਥ ਵਿਚ ਹੁੰਦਾ ਸੀ-ਉਹ ਹੁਣ ਮੇਰੇ ਕੋਲ ਹੈ ਨਹੀਂ ਸੀ।
"ਮੈ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੇ ਆਪ ਨੂੰ ਬਿਲਕੁਲ ਇਕੱਲਿਆਂ ਮਹਿਸੂਸ ਕੀਤਾ ਜਦ ਕਿ ਕਿਸ਼ਤੀ ਡੂੰਘੇ ਸਾਗਰ ਵਿਚ ਤੈਰਦੀ ਅਗੇ ਵਧ ਰਹੀ ਸੀ। ਉਸਨੂੰ ਦਿਲ ਵਿਚ ਹੀ ਯਾਦ ਕਰਦੇ ਹੋਏ, ਉਸਦਾ ਚਿਹਰਾ ਵੇਖਣ ਦੀ ਆਸ ਨਾਲ ਲਹਿਰਾਂ ਵਲ ਝਾਕਦੇ ਹੋਏ ਮੈਂ ਜਹਾਜ਼ ਦੀ ਛੱਤ ਉਤੇ ਹੌਲੀ ਹੌਲੀ ਟਹਿਲਦਾ ਰਿਹਾ ਪਰ ਸਭ ਵਿਅਰਥ। ਅੱਧੀ ਰਾਤ ਨੂੰ, ਜਦੋਂ ਸਾਰੇ ਯਾਤਰੀ ਆਰਾਮ ਕਰਨ ਲਈ ਜਾ ਚੁਕੇ ਸਨ: ਮੈਂ ਚਿੰਤਤ ਤੇ ਉਲਝਨ ਭਰਿਆ ਇਕੱਲਾ ਹੀ ਉਥੇ ਰਹਿ ਗਿਆ ਸਾਂ।