"ਅਚਾਨਕ ਮੈਂ ਉਪਰ ਵਲ ਵੇਖਿਆ ਤਾਂ ਜਹਾਜ਼ ਦੀ ਅਗਲੀ ਨੁੱਕਰ ਤੋਂ ਥੋੜ੍ਹੇ ਹੀ ਫ਼ਾਸਲੇ ਤੇ, ਮੇਰੇ ਉਤੇ, ਬੱਦਲ ਵਿਚਕਾਰ ਮੈਨੂੰ ਨਜ਼ਰੀਂ ਪਈ, ਮੇਰੀ ਜੀਵਨ ਸਾਥਣ। ਮੈਂ ਖੁਸ਼ੀ ਵਿਚ ਨੱਚ ਉਠਿਆ, ਆਪਣੀਆਂ ਬਾਹਵਾਂ ਫੈਲਾ ਦਿਤੀਆਂ ਅਤੇ ਚੀਕ ਪਿਆ, 'ਮੇਰੀ ਪ੍ਰੀਤਮਾ, ਤੂੰ ਮੈਨੂੰ ਛੱਡ ਕਿਉਂ ਦਿਤਾ। ਤੂੰ ਕਿਥੇ ਚਲੀ ਗਈ ਏ? ਤੂੰ ਕਿਥੇ ਸੀ? ਹੁਣ ਮੇਰੇ ਨਜ਼ਦੀਕ ਆ ਜਾਹ ਅਤੇ ਫਿਰ ਕਦੇ ਮੈਨੂੰ ਇਕੱਲਿਆਂ ਨਾ ਛਡੀਂ।
"ਉਹ ਅਡੋਲ ਰਹੀ। ਉਸਦੇ ਚਿਹਰੇ ਉਤੇ ਮੈਨੂੰ ਗਮ ਅਤੇ ਦੁੱਖ ਦੇ ਚਿੰਨ੍ਹ ਦਿਖਾਈ ਦਿਤੇ ਜੋ ਪਹਿਲਾਂ ਕਦੇ ਨਹੀਂ ਸਨ ਵੇਖੇ। ਮਿਠੀ ਪਰ ਉਦਾਸੀ ਭਰੀ ਆਵਾਜ਼ ਵਿਚ ਉਹ ਬੋਲੀ, 'ਮੈਂ ਸਾਗਰ ਦੀਆਂ ਡੂੰਘਾਈਆਂ ਵਿਚੋਂ ਤੈਨੂੰ ਇਕ ਵਾਰੀ ਫਿਰ ਵੇਖਣ ਲਈ ਆਈ ਹਾਂ। ਹੁਣ ਹੇਠਾਂ ਆਪਣੇ ਕੈਬਿਨ ਵਿਚ ਜਾਹ ਅਤੇ ਆਪਣੇ ਆਪ ਨੂੰ ਨੀਂਦ ਤੇ ਸੁਪਨਿਆਂ ਦੇ ਹਵਾਲੇ ਕਰ ਦੇਹ।
"ਇਹ ਲਫ਼ਜ਼ ਕਹਿੰਦਿਆਂ ਹੀ ਉਹ ਫਿਰ ਬੱਦਲਾਂ ਵਿਚ ਅਲੋਪ ਹੋ ਗਈ। ਮੈਂ ਆਪੇ ਤੋਂ ਬਾਹਰ ਹੋ ਕੇ ਭੁੱਖ ਬੱਚੇ ਵਾਂਗ ਉਸਨੂੰ ਪੁਕਾਰਿਆ। ਚਾਰੇ ਪਾਸੇ ਆਪਣੀਆਂ ਬਾਹਵਾਂ ਫੈਲਾ ਦਿਤੀਆਂ ਪਰ ਸਾਰੇ ਪਾਸਿਆਂ ਤੋਂ ਉਸ ਕਲਾਵੇ ਵਿਚ ਆਈ ਤ੍ਰੇਲ ਭਰੀ ਰਾਤ ਦੀ ਹਵਾ।
"ਮੈਂ ਹੇਠਾਂ ਆਪਣੀ ਸੀਟ ਉਤੇ ਵਾਪਸ ਚਲਾ ਗਿਆ, ਮੈਨੂੰ ਆਪਣੇ ਅੰਦਰ ਪ੍ਰਚੰਡ ਤੱਤਾਂ ਦਾ ਉਤਰਾਅ ਚੜ੍ਹਾਅ ਮਹਿਸੂਸ ਹੋਇਆ। ਇੰਜ ਜਾਪ ਰਿਹਾ ਸੀ ਜਿਵੇਂ ਮੈਂ ਕਿਸੇ ਹੋਰ ਹੀ ਜਹਾਜ਼ ਵਿਚ ਹੋਵਾਂ ਜੋ ਪਰੇਸ਼ਾਨੀ ਅਤੇ ਨਿਰਾਸਾ ਦੇ ਤੂਫ਼ਾਨੀ ਸਾਗਰਾਂ ਵਿਚ ਡਿਕੋਡੋਲੇ ਖਾ ਰਿਹਾ ਹੋਵੇ।
"ਪਰ ਹੈਰਾਨੀ ਹੋਈ ਜਿਉਂ ਹੀ ਮੈਂ ਸਿਰਹਾਣੇ ਉੱਤੇ ਸਿਰ ਰਖਿਆ, ਮੈਨੂੰ ਗਹਿਰੀ ਨੀਂਦ ਨੇ ਆ ਘੇਰਿਆ।
"ਮੈਂ ਸੁਪਨਿਆਂ ਦੀ ਦੁਨੀਆ ਵਿਚ ਗੁਆਚ ਗਿਆ, ਸੁਪਨੇ ਵਿਚ ਮੈਂ ਵੇਖਿਆ ਸੂਲੀ ਦੇ ਆਕਾਰ ਦਾ ਸੇਬਾਂ ਦਾ ਦਰਖ਼ਤ ਜਿਸ ਉਤੇ ਲਟਕ ਰਹੀ ਸੀ ਮੇਰੀ ਜੀਵਨ ਸਾਥਣ, ਜਿਵੇਂ ਸੂਲੀ ਉਤੇ ਚੜ੍ਹਾਈ ਗਈ ਹੋਵੇ।