ਧਰਤੀ ਉਤੇ ਡਿੱਗੇ ਦਰਖ਼ਤ ਦੇ ਪੱਤਿਆਂ ਤੇ ਫੁੱਲਾਂ ਉਤੇ ਉਸਦੇ ਹੱਥਾਂ ਤੇ ਪੈਰਾਂ ਵਿਚੋਂ ਵਗਦੇ ਖੂਨ ਦੇ ਤੁਪਕੇ ਡਿਗ ਰਹੇ ਸਨ।
"ਜਹਾਜ਼ ਦਿਨ ਰਾਤ ਅਗੇ ਵਧਦਾ ਰਿਹਾ, ਪਰ ਮੈਂ ਜਿਵੇਂ ਲਿਵਲੀਨਤਾ ਵਿਚ ਗੁਆਚਿਆ ਹੋਇਆ ਸਾਂ, ਮੈਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਦੂਰ ਕਿਸੇ ਉਚਾਈ 'ਤੇ ਸਫ਼ਰ ਕਰ ਰਿਹਾ ਮਨੁੱਖ ਸਾਂ ਜਾਂ ਬੱਦਲਵਾਈ ਭਰੇ ਆਕਾਸ਼ ਵਿਚ ਲਹਿਰਾਂਦਾ ਭੂਤ। ਮੈਂ ਵਿਅਰਥ ਹੀ ਪ੍ਰਮਾਤਮਾ ਕੋਲ ਉਸਦੇ ਬੋਲਾਂ ਦੀ ਗੂੰਜ ਜਾਂ ਉਸਦੇ ਪਰਛਾਵੇਂ ਦੀ ਇਕ ਝਾਤ ਜਾ ਹੋਠਾਂ ਉਤੇ ਉਸਦੀਆਂ ਉਂਗਲਾਂ ਦੀ ਨਰਮ ਛੂਹ ਦੀ ਜਾਚਨਾ ਕਰਦਾ ਰਿਹਾ।
"ਇਸੇ ਤਰ੍ਹਾਂ ਹੀ ਚੌਦਾਂ ਦਿਨ ਬੀਤ ਗਏ ਪਰ ਮੈਂ ਇਕੱਲਾ ਹੀ ਰਹਿ ਗਿਆ ਸਾਂ। ਪੰਦਰ੍ਹਵੇਂ ਦਿਨ ਦੁਪਹਿਰੇ ਸਾਨੂੰ ਦੂਰੋਂ ਇਟਲੀ ਦਾ ਤੱਟ ਨਜ਼ਰੀਂ ਪਿਆ ਅਤੇ ਸ਼ਾਮ ਵੇਲੇ ਅਸੀਂ ਬੰਦਰਗਾਹ ਵਿਚ ਦਾਖ਼ਲ ਹੋਏ। ਬਹੁਤ ਵਧੀਆ ਸਜੇ ਹੋਏ ਸ਼ਿਕਾਰੇ ਲੈ ਕੇ ਲੋਕਾਂ ਦੀ ਭੀੜ ਜਹਾਜ਼ ਦੇ ਯਾਤਰੂਆਂ ਨੂੰ ਜੀ ਆਇਆਂ ਕਹਿਣ ਅਤੇ ਸ਼ਹਿਰ ਦੀ ਸੈਰ ਕਰਵਾਉਣ ਲਈ ਉਮੜ ਪਈ।
"ਵੀਨਸ ਸ਼ਹਿਰ ਕਈ ਛੋਟੇ ਛੋਟੇ ਟਾਪੂਆਂ ਉਤੇ ਵਸਿਆ ਹੋਇਆ ਹੈ ਜੋ ਇਕ ਦੂਸਰੇ ਦੇ ਨੇੜੇ ਹਨ। ਨਹਿਰਾਂ ਇਸਦੀਆਂ ਗਲੀਆਂ ਹਨ ਅਤੇ ਅਨੇਕਾਂ ਹੀ ਮਹਿਲ ਅਤੇ ਰਿਹਾਇਸ਼ੀ ਘਰ ਪਾਣੀ ਉਤੇ ਹੀ ਉਸਰੇ ਹੋਏ ਹਨ। ਢੋਆ ਢੁਆਈ ਦਾ ਇਕੋ ਇਕ ਸਾਧਨ ਕੇਵਲ ਸ਼ਿਕਾਰੇ ਹੀ ਹਨ।
"ਮੇਰੇ ਸ਼ਿਕਾਰੇ ਵਾਲੇ ਨੇ ਪੁਛਿਆ ਕਿ ਮੈਂ ਕਿਥੇ ਜਾਣਾ ਸੀ ਤੇ ਜਦੋਂ ਮੈਂ ਦਸਿਆ ਕਿ ਵੀਨਸ ਦੇ ਮੇਅਰ ਕੋਲ, ਤਾਂ ਉਸਨੇ ਹੈਰਾਨੀ ਨਾਲ ਮੇਰੇ ਵਲ ਵੇਖਿਆ। ਜਿਉਂ ਹੀ ਅਸੀਂ ਨਹਿਰ ਵਿਚੋਂ ਲੰਘ ਰਹੇ ਸਾਂ, ਰਾਤ ਆਪਣੇ ਕਾਲੇ ਖੰਭ ਸ਼ਹਿਰ ਉਤੇ ਫੈਲਾ ਰਹੀ ਸੀ। ਮਹਿਲਾਂ ਅਤੇ ਚਰਚਾ ਦੀਆਂ ਖਿੜਕੀਆਂ ਵਿਚੋਂ ਰੋਸ਼ਨੀ ਦੀ ਝਲਕ ਨਜ਼ਰ ਆ ਰਹੀ ਸੀ ਅਤੇ ਪਾਣੀ ਵਿਚ ਪੈਂਦਾ ਉਹਨਾਂ ਦਾ ਪਰਛਾਵਾਂ ਸ਼ਹਿਰ ਦੀ ਦਿੱਖ ਨੂੰ ਕਵੀ ਦੀ ਕਲਪਨਾ ਦਾ ਸ਼ਹਿਰ ਬਣਾ ਰਿਹਾ ਸੀ ਬਹੁਤ ਹੀ ਮਨਮੋਹਕ ਤੇ ਦਿਲਖਿਚਵਾਂ।