"ਅਫਸੋਸ ਕਰਨ ਆਉਣ ਵਾਲਿਆ ਵਿਚੋਂ ਸਾਰੇ ਹੌਲੀ ਹੌਲੀ ਇਕ ਇਕ ਕਰਕੇ ਬਾਹਰ ਜਾਣ ਲਗੇ, ਕਮਰੇ ਵਿਚ ਰਹਿ ਗਏ ਮੈਂ ਅਤੇ ਮੇਅਰ। ਜਦੋਂ ਮੈਂ ਵੀ ਹੌਲੀ ਜਿਹੀ ਉਠਣ ਲਗਾ ਤਾਂ ਉਸਨੇ ਮੇਰੇ ਮੋਢੇ 'ਤੇ ਹੱਥ ਰਖਕੇ ਕਿਹਾ, 'ਮੇਰੇ ਦੋਸਤ, ਮੇਰੀ ਬੇਨਤੀ ਹੈ ਕਿ ਤੁਸੀਂ ਨਾ ਜਾਓ। ਤੁਸੀਂ ਮੇਰੇ ਮਹਿਮਾਨ ਹੋ ਪਰ ਕੀ ਤੁਸੀਂ ਮੇਰੇ ਗਮ ਵਿਚ ਮੇਰਾ ਸਾਥ ਦਿਉਂਗੇ?
"ਉਸਦੇ ਸ਼ਬਦ ਮੇਰੇ ਦਿਲ ਨੂੰ ਟੁੰਬ ਗਏ ਅਤੇ ਮੈਂ ਆਪਣੀ ਰਜ਼ਾਮੰਦੀ ਜ਼ਾਹਰ ਕੀਤੀ। ਉਹ ਫਿਰ ਕਹਿਣ ਲਗਾ,"ਤੁਸੀਂ ਲੈਬਨਾਨ ਵਾਸੀ ਅਜਨਬੀਆਂ ਪ੍ਰਤੀ ਬਹੁਤ ਹੀ ਫ਼ਰਾਖ਼ਦਿਲ ਹੋ। ਜੇ ਗੰਭੀਰਤਾ ਨਾਲ ਵੇਖੀਏ ਤਾਂ ਸਚਮੁਚ ਲੇਬਨਾਨ ਵਾਲੇ ਆਪਣੇ ਮਹਿਮਾਨ ਪ੍ਰਤੀ ਸਾਡੇ ਨਾਲੋਂ ਵਧੇਰੇ ਦਇਆਲੂ ਅਤੇ ਮਿਲਣਸਾਰ ਹਨ। ਉਸਨੇ ਘੰਟੀ ਵਜਾਈ ਅਤੇ ਉਸੇ ਵੇਲੇ ਸ਼ਾਨਦਾਰ ਵਰਦੀ ਵਿਚ ਸਜਿਆ ਡਿਓਢੀ ਬਰਦਾਰ ਆਣ ਹਾਜ਼ਰ ਹੋਇਆ।
"ਸਾਡੇ ਮਹਿਮਾਨ ਨੂੰ ਪੂਰਬ ਵਲ ਦੇ ਕਮਰੇ ਵਿਚ ਲੈ ਜਾਓ।" ਉਸਨੇ ਹੁਕਮ ਦਿਤਾ, 'ਜਦ ਤਕ ਇਹ ਸਾਡੇ ਘਰ ਹਨ ਵਧੀਆ ਖਾਤਰਦਾਰੀ ਕਰਨਾ।
"ਡਿਓਢੀ ਬਰਦਾਰ ਮੈਨੂੰ ਇਕ ਵੱਡੇ ਸਾਰੇ ਸਜੇ ਸਜਾਏ ਕਮਰੇ ਵਿਚ ਲੈ ਗਿਆ। ਜਿਉਂ ਹੀ ਉਹ ਕਮਰੇ ਵਿਚੋਂ ਬਾਹਰ ਨਿਕਲਿਆ ਮੈਂ ਸੋਫੇ ਵਿਚ ਧੱਸ ਗਿਆ ਅਤੇ ਵਿਦੇਸ਼ੀ ਧਰਤੀ ਉਤੇ ਮੈਂ ਆਪਣੀ ਸਥਿਤੀ ਦਾ ਜਾਇਜ਼ਾ ਲੈਣ ਲਗਾ। ਮੈਂ ਆਪਣੀ ਜਨਮ ਭੂਮੀ ਤੋਂ ਬਹੁਤ ਦੂਰ ਇਸ ਧਰਤੀ 'ਤੇ ਬਿਤਾਏ ਪਹਿਲੇ ਕੁਝ ਘੰਟਿਆਂ ਬਾਰੇ ਵਿਚਾਰ ਕੀਤੀ।
"ਕੁਝ ਹੀ ਮਿੰਟਾਂ ਵਿਚ ਡਿਓਢੀ ਬਰਦਾਰ ਪਰਤ ਆਇਆ, ਉਸਦੇ ਹੱਥ ਵਿਚ ਚਾਂਦੀ ਦੀ ਟਰੇਅ ਵਿਚ ਰਾਤ ਦਾ ਖਾਣਾ ਪਰੋਸਿਆ ਹੋਇਆ ਸੀ। ਖਾਣਾ ਖਾ ਚੁਕਣ ਉਪਰੰਤ ਮੈਂ ਕਮਰੇ ਵਿਚ ਚਹਿਲਕਦਮੀ ਕਰਨ ਲਗਾ, ਥੋੜ੍ਹੀ ਥੋੜ੍ਹੀ ਦੇਰ ਲਈ ਖਿੜਕੀ ਕੋਲ ਰੁਕ ਕੇ ਵੀਨਸ ਸ਼ਹਿਰ ਉਤਲੇ ਆਕਾਸ਼ ਵਲ ਝਾਤੀ ਮਾਰ ਲੈਂਦਾ ਅਤੇ ਸ਼ਿਕਾਰੇ ਵਾਲਿਆਂ ਦਾ ਚੀਕ ਚਿਹਾੜਾ ਅਤੇ ਚਪੂਆਂ ਦੀ ਸੰਗੀਤਕ ਲੈਅ ਨੂੰ ਸੁਣਦਾ ਰਿਹਾ। ਬਹੁਤ ਦੇਰ ਬਾਅਦ ਮੈਨੂੰ ਊਂਘ ਜਿਹੀ ਆਈ ਤੇ ਮੈਂ ਥਕਾਵਟ ਭਰੇ ਜਿਸਮ