"ਇਹਨਾਂ ਅਤੇ ਹੋਰ ਨਸੀਹਤਾਂ ਸਦਕਾ ਹੀ ਮੈਨੂੰ ਝਿੜਕਿਆ ਗਿਆ, ਦੇਸ਼ ਨਿਕਾਲਾ ਦਿਤਾ ਅਤੇ ਚਰਚ ਤੋਂ ਛੇਕਿਆ ਗਿਆ।
"ਇਕ ਰਾਤ ਅਲ-ਹੈਰਿਸ ਦਾ ਦਿਲ ਦਹਿਲ ਗਿਆ ਤੇ ਉਹ ਰਾਤ ਸੌਂ ਨਾ ਸਕਿਆ। ਖਿੜਕੀ ਵਿਚ ਖੜੇ ਹੋ ਕੇ ਉਸ ਧਿਆਨ ਚਿਤ ਹੋ ਕੇ ਆਕਾਸ਼ ਵਲ ਵੇਖਿਆ। ਕਿੰਨੀ ਅਜੀਬ ਗਲ ਹੈ। ਅਨੇਕਾਂ ਹੀ ਖ਼ੁਦਾਈ ਮਨੁੱਖ ਅਨੰਤ ਵਿਚ ਸਮਾ ਗਏ। ਕਿਸਨੇ ਇਸ ਰਹੱਸਮਈ ਅਤੇ ਅਸਚਰਜ ਭਰੇ ਸੰਸਾਰ ਦੀ ਰਚਨਾ ਕੀਤੀ? ਕੌਣ ਹੈ ਜੋ ਤਾਰਿਆਂ ਨੂੰ ਗਰਦਿਸ਼ ਵਿਚ ਰਖਦਾ ਹੈ? ਦੂਰੀ ਤੇ ਸਥਿਤ ਗ੍ਰਹਿਆਂ ਨਾਲ ਸਾਡਾ ਕੀ ਸੰਬੰਧ ਹੈ? ਮੈਂ ਕੌਣ ਹਾਂ ਅਤੇ ਮੈਂ ਇਥੇ ਕਿਉਂ ਹਾਂ? ਇਹ ਸਾਰੀਆਂ ਗੱਲਾਂ ਅਲ-ਹੈਰਿਸ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਕਹੀਆਂ।
ਫਿਰ ਉਸਨੂੰ ਯਾਦ ਆਈ ਮੇਰੀ ਜਲਾਵਤਨੀ ਅਤੇ ਉਸ ਵਲੋਂ ਮੇਰੇ ਨਾਲ ਕੀਤਾ ਗਿਆ ਦੁਰਵਿਵਹਾਰ। ਇਕਦਮ ਉਸਨੇ ਮੈਨੂੰ ਸੁਨੇਹਾ ਭੇਜਿਆ ਅਤੇ ਮੁਆਫ਼ੀ ਮੰਗੀ। ਉਸਨੇ ਮੈਨੂੰ ਸ਼ਾਹੀ ਲਿਬਾਸ ਨਾਲ ਸਨਮਾਨਿਆ ਅਤੇ ਲੋਕਾਂ ਦੇ ਸਾਹਮਣੇ ਮੈਨੂੰ ਆਪਣਾ ਸਲਾਹਕਾਰ ਐਲਾਨਦੇ ਹੋਏ ਇਕ ਸੁਨਹਿਰੀ ਚਾਬੀ ਮੇਰੇ ਹੱਥ ਵਿਚ ਫੜਾ ਦਿਤੀ।
"ਆਪਣੇ ਦੇਸ਼ ਨਿਕਾਲੇ ਦੇ ਸਾਲਾਂ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਉਹ ਜੋ ਸੱਚ ਦੇ ਮਾਰਗ ਤੇ ਚਲਦੇ ਹੋਏ ਮਨੁੱਖਤਾ ਨੂੰ ਇਸ ਰਾਹ 'ਤੇ ਪਾਏਗਾ ਯਕੀਨਨ ਦੁੱਖ ਭੋਗੇਗਾ। ਮੇਰੇ ਦੁੱਖਾਂ ਨੇ ਹੀ ਮੈਨੂੰ ਸਿਖਾਇਆ ਕਿ ਆਪਣੇ ਭਾਈ ਬੰਧੂਆਂ ਦੇ ਦੁੱਖਾਂ ਨੂੰ ਸਮਝਾਂ, ਜ਼ੁਲਮ ਜਾਂ ਦੇਸ਼ ਨਿਕਾਲੇ ਨੇ ਮੇਰੇ ਅੰਦਰ ਦੀ ਦ੍ਰਿਸ਼ਟੀ ਨੂੰ ਮੱਧਮ ਨਹੀਂ ਕੀਤਾ।
"ਪਰ ਹੁਣ ਮੈਂ ਥੱਕ ਚੁਕਿਆ ਹਾਂ...
ਆਪਣੀ ਗਾਥਾ ਮੁਕਾਉਣ ਮਗਰੋਂ ਮਾਲਕ ਨੇ ਆਪਣੇ ਚੇਲੇ ਨੂੰ ਜਾਣ ਲਈ ਕਿਹਾ, ਜਿਸਦਾ ਨਾਂ ਅਲਮੁਹਤੱਦਾ ਸੀ ਅਰਥਾਰ 'ਨਵ- ਮੁਰੀਦ' ਅਤੇ ਆਪ ਪੁਰਾਣੀਆਂ ਯਾਦਾਂ ਦੀ ਥਕਾਵਟ ਤੋਂ ਜਿਸਮ ਅਤੇ ਰੂਹ ਨੂੰ ਆਰਾਮ ਦੇਣ ਲਈ ਆਪਣੀ ਆਰਾਮਗਾਹ ਵਲ ਚਲਾ ਗਿਆ।