2. ਪੈਗ਼ੰਬਰ ਦੀ ਮੌਤ
ਦੋ ਹਫ਼ਤੇ ਬਾਅਦ ਮਾਲਕ ਬੀਮਾਰ ਪੈ ਗਿਆ ਅਤੇ ਵੱਡੀ ਗਿਣਤੀ ਵਿਚ ਉਸਦੇ ਚਹੇਤੇ ਆਸ਼ਰਮ ਵਿਚ ਉਸਦੀ ਸਿਹਤ ਦਾ ਹਾਲ ਚਾਲ ਪੁਛਣ ਆਏ। ਜਦੋਂ ਉਹ ਬਾਗ਼ ਦੇ ਦਰਵਾਜ਼ੇ ਤਕ ਪੁੱਜੇ ਤਾਂ ਉਹਨਾਂ ਨੇ ਮਾਲਕ ਦੇ ਕਮਰੇ ਵਿਚੋਂ ਇਕ ਪਾਦਰੀ, ਨੱਨ, ਡਾਕਟਰ ਤੇ ਚੇਲੇ ਅੱਲਮੁਹਤੱਦਾ ਨੂੰ ਨਿਕਲਦੇ ਵੇਖਿਆ। ਪਿਆਰੇ ਚੇਲੇ ਨੇ ਮਾਲਕ ਦੀ ਮੌਤ ਦਾ ਐਲਾਨ ਕਰ ਦਿਤਾ। ਭੀੜ ਵਿਚ ਸ਼ਾਮਲ ਲੋਕਾਂ ਨੇ ਰੋਣਾ ਪਿਟਣਾ ਤੇ ਵਿਰਲਾਪ ਕਰਨਾ ਸ਼ੁਰੂ ਕਰ ਦਿਤਾ ਪਰ ਅੱਲਮੁਹਤੱਦਾ ਨਾ ਰੋਇਆ ਤੇ ਨਾ ਹੀ ਕੋਈ ਲਫਜ਼ ਮੂੰਹੋਂ ਬੋਲਿਆ।
ਥੋੜ੍ਹੀ ਦੇਰ ਲਈ ਚੇਲੇ ਨੇ ਸ੍ਵੈ ਚਿੰਤਨ ਕੀਤਾ, ਫਿਰ ਮੱਛੀਆਂ ਦੇ ਤਾਲਾਬ ਕੰਢੇ ਬਣੀ ਚਟਾਨ ਉੱਤੇ ਖੜ੍ਹੇ ਹੋ ਕੇ ਇਕੱਠ ਨੂੰ ਸੰਬੋਧਨ ਕਰਨ ਲਗਾ।
'ਮੇਰੇ ਭਰਾਵੋ ਤੇ ਦੇਸ਼ਵਾਸੀਓ ਤੁਸੀ ਮਾਲਕ ਦੀ ਮੌਤ ਦੀ ਖ਼ਬਰ ਤਾਂ ਸੁਣ ਹੀ ਲਈ ਹੈ। ਲੈਬਨਾਨ ਦਾ ਅਮਰ ਪੈਗੰਬਰ ਸਦਾ ਦੀ ਨੀਂਦ ਸੌਂ ਗਿਆ ਹੈ ਅਤੇ ਉਸਦੀ ਪਵਿਤਰ ਰੂਹ ਸਾਰੇ ਗ਼ਮਾਂ ਤੇ ਸੋਗ ਤੋਂ ਪਰ੍ਹੇ ਆਤਮਾ ਦੇ ਬੈਕੁੰਠ ਵਿਚ ਸਾਡੇ ਉਤੇ ਮੰਡਰਾ ਰਹੀ ਹੈ। ਉਸਦੀ ਰੂਹ ਸਰੀਰ ਦੇ ਪਿੰਜਰੇ ਤੋਂ ਆਜਾਦ ਹੋ ਗਈ ਹੈ ਅਤੇ ਧਰਤੀ ਦੇ ਜੀਵਨ ਦੇ ਸੰਤਾਪ ਤੋਂ ਮੁਕਤ ਹੋ ਗਈ ਹੈ।
"ਮਾਲਕ ਇਸ ਪਦਾਰਥਵਾਦੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਅਤੇ ਉਸ ਸ਼ਾਨ ਸ਼ੌਕਤ ਦਾ ਜਾਮਾ ਪਹਿਨ ਕੇ ਔਕੜਾਂ ਤੇ ਦੁੱਖਾਂ ਤੋਂ ਮੁਕਤ ਹੋ ਕੇ ਕਿਸੇ ਹੋਰ ਦੁਨੀਆ ਵਿਚ ਜਾ ਵਸਿਆ ਹੈ। ਉਹ ਹੁਣ ਉਸ ਥਾਂ ਜਾ ਪੁੱਜਿਆ ਹੈ ਜਿਥੇ ਅਸੀ ਨਾ ਤਾਂ ਉਸਨੂੰ ਵੇਖ ਸਕਦੇ ਹਾਂ ਨਾ ਹੀ ਉਸਦੀ ਆਵਾਜ਼ ਸੁਣ ਸਕਦੇ ਹਾਂ। ਉਹ ਆਤਮਾ ਦੇ ਸੰਸਾਰ ਵਿਚ