ਵਿਚਾਰ ਅਤੇ ਚਿੰਤਨ
ਜ਼ਿੰਦਗੀ ਸਾਨੂੰ ਉਤਾਂਹ ਚੁਕਦੀ ਅਤੇ ਇਕ ਥਾਂ ਤੋਂ ਦੂਸਰੀ ਥਾਂ ਲਿਜਾਂਦੀ ਹੈ, ਤਕਦੀਰ ਸਾਨੂੰ ਇਕ ਨੁਕਤੇ ਤੋਂ ਦੂਸਰੇ ਤਕ ਲਿਜਾਂਦੀ ਹੈ ਅਤੇ ਅਸੀ ਇਕ ਦੋਰਾਹੇ 'ਤੇ ਪੁੱਜ ਜਾਂਦੇ ਹਾਂ ਜਿਥੇ ਅਸੀਂ ਡਰਾਉਣੀਆਂ ਆਵਾਜ਼ਾਂ ਸੁਣਦੇ ਅਤੇ ਕੇਵਲ ਉਹੀ ਵੇਖਦੇ ਹਾਂ ਜੋ ਸਾਡੇ ਰਾਹ ਵਿਚ ਅੜਚਨ ਅਤੇ ਰੁਕਾਵਟ ਬਣਕੇ ਖੜੇ ਹੁੰਦੇ ਹਨ।
ਖੂਬਸੂਰਤੀ ਸਾਡੇ ਸਾਹਮਣੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ ਜਿਵੇਂ ਸ਼ਾਨ ਸ਼ੌਕਤ ਦੇ ਤਖ਼ਤ ਉਤੇ ਬੈਠੀ ਹੋਵੇ, ਪਰ ਅਸੀਂ ਉਸ ਵਾਸਤੇ ਵਾਸਨਾ ਵਿਚ ਲਿਪਤ, ਉਸਦੀ ਪਵਿਤਰਤਾ ਦੇ ਤਾਜ ਦੀ ਖੋਹ ਖਿੰਜ ਕਰਦੇ ਹਾਂ ਅਤੇ ਆਪਣੀ ਬਦਇਖ਼ਲਾਕੀ ਨਾਲ ਉਸਦਾ ਲਿਬਾਸ ਮੈਲਾ ਕਰਦੇ ਹਾਂ।
ਪਿਆਰ ਸਾਡੇ ਕੋਲੋਂ ਦੀ ਲੰਘ ਜਾਂਦਾ ਹੈ, ਭੋਲੇਪਨ ਦੇ ਪਰਦੇ ਵਿਚ ਲਿਪਟਿਆ ਹੋਇਆ, ਪਰ ਅਸੀਂ ਡਰਦੇ ਮਾਰੇ ਉਸ ਕੋਲੋਂ ਬਚਦੇ ਹਾਂ, ਜਾਂ ਹਨੇਰੇ ਵਿਚ ਛੁਪਦੇ ਹਾਂ, ਜਾਂ ਉਸਦੇ ਨਾਂ ਉਤੇ ਮਾੜੇ ਕਰਮ ਕਰਨ ਲਈ ਉਸਦਾ ਪਿੱਛਾ ਕਰਦੇ ਹਾਂ।
ਇਥੋਂ ਤਕ ਕਿ ਸਾਡੇ ਵਿਚੋਂ ਸਭ ਤੋਂ ਸਿਆਣੇ ਵੀ ਪਿਆਰ ਦੇ ਭਾਰੀ ਬੋਝ ਹੇਠ ਝੁਕ ਜਾਂਦੇ ਹਨ; ਪਰ ਸਚਾਈ ਇਹ ਹੈ ਕਿ ਪਿਆਰ ਏਨਾ ਸੂਖਮ ਹੈ ਜਿਵੇਂ ਲੈਬਨਾਨ ਦੀ ਮਹਿਕਾਂ ਭਰੀ ਹਵਾ।
ਆਜ਼ਾਦੀ ਸਾਨੂੰ ਖਾਣੇ ਦੀ ਮੇਜ਼ ਉਤੇ ਸੱਦਾ ਦੇਂਦੀ ਹੈ, ਜਿਥੇ ਅਸੀ ਸੁਆਦਲੇ ਖਾਣੇ ਅਤੇ ਵਧੀਆ ਸ਼ਰਾਬ ਲਈ ਉਸ ਨਾਲ ਸ਼ਰੀਕ ਹੁੰਦੇ ਹਾਂ, ਪਰ ਜਦੋਂ ਅਸੀਂ ਉਸਦੇ ਨਾਲ ਮੇਜ਼ ਉਤੇ ਬੈਠ ਜਾਂਦੇ ਹਾਂ, ਤਾਂ ਅਸੀਂ ਭੁਖਿਆਂ ਅਤੇ ਪੇਟੂਆਂ ਵਾਂਗ ਖਾਂਦੇ ਹਾਂ।
ਪ੍ਰਕ੍ਰਿਤੀ ਸਾਨੂੰ ਜੀ ਆਇਆਂ ਕਹਿਣ ਲਈ ਆਪਣੀਆਂ ਬਾਹਵਾਂ ਫੈਲਾ ਦੇਂਦੀ ਹੈ, ਅਤੇ ਖੂਬਸੂਰਤੀ ਨੂੰ ਮਾਨਣ ਦਾ ਸੱਦਾ ਦੇਂਦੀ ਹੈ, ਪਰ ਸਾਨੂੰ ਉਸਦੀ ਚੁੱਪ ਤੋਂ ਡਰ ਲਗਦਾ ਹੈ ਅਤੇ ਅਸੀਂ ਭੀੜ ਭੜੱਕੇ ਵਾਲੇ ਸ਼ਹਿਰਾਂ ਵਲ ਮੂੰਹ ਕਰਕੇ ਦੌੜਦੇ ਹਾਂ ਜਿਵੇਂ ਇਕ ਭੇਡ ਖੂੰਖਾਰ ਭੇੜੀਏ ਤੋਂ ਬਚਣ ਲਈ ਦੌੜਦੀ ਹੈ।