ਸੱਚ ਸਾਨੂੰ ਸੱਦਾ ਦੇਂਦਾ ਤੇ ਖਿੱਚਦਾ ਹੈ ਜਿਵੇਂ ਇਕ ਬੱਚੇ ਦਾ ਭੋਲਾ ਭਾਲਾ ਜ਼ੋਰਦਾਰ ਹਾਸਾ ਜਾਂ ਪਿਆਰੇ ਦਾ ਚੁੰਮਣ ਖਿੱਚਦਾ ਹੈ ਪਰ ਅਜੇ ਉਸਨੂੰ ਦੇਖਕੇ ਪਿਆਰ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਾਂ ਅਤੇ ਉਸ ਨਾਲ ਇੰਜ ਵਰਤਾਉ ਕਰਦੇ ਹਾਂ, ਜਿਵੇਂ ਕੋਈ ਦੁਸ਼ਮਣ ਹੋਵੇ।
ਮਨੁੱਖੀ ਮਨ ਮਦਦ ਲਈ ਪੁਕਾਰ ਕਰਦਾ ਹੈ, ਮਨੁੱਖੀ ਰੂਹ ਸਾਨੂੰ ਮੁਕਤੀ ਲਈ ਬੇਨਤੀ ਕਰਦੀ ਹੈ, ਪਰ ਅਸੀਂ ਉਹਨਾਂ ਦੀ ਪੁਕਾਰ ਵਲ ਧਿਆਨ ਨਹੀਂ ਦੇਂਦੇ, ਨਾ ਸੁਣਦੇ ਹਾਂ ਤੇ ਨਾ ਹੀ ਸਮਝਦੇ ਹਾਂ। ਪਰ ਜੋ ਮਨੁੱਖ ਇਹਨਾਂ ਨੂੰ ਸੁਣਦਾ ਤੇ ਸਮਝਦਾ ਹੈ ਅਸੀਂ ਉਸਨੂੰ ਪਾਗਲ ਕਹਿਕੇ ਉਸਤੋਂ ਦੂਰ ਭਜਦੇ ਹਾਂ।
ਇਸ ਤਰ੍ਹਾਂ ਰਾਤਾਂ ਬੀਤ ਜਾਂਦੀਆਂ ਅਤੇ ਅਸੀਂ ਅਵਚੇਤਨ ਵਿਚ ਜੀਉਂਦੇ ਹਾਂ ਅਤੇ ਦਿਨ ਸਾਡਾ ਸੁਆਗਤ ਕਰਦੇ ਤੇ ਸਾਨੂੰ ਆਲਿੰਗਨ ਵਿਚ ਲੈਂਦੇ ਹਨ। ਪਰ ਅਸੀਂ ਦਿਨ ਰਾਤ ਦੇ ਨਿਰੰਤਰ ਖ਼ੌਫ਼ ਵਿਚ ਜੀਉਂਦੇ ਹਾਂ।
ਅਸੀਂ ਧਰਤੀ ਨੂੰ ਜੱਫਾ ਮਾਰਦੇ ਹਾਂ ਜਦੋਂ ਕਿ ਸਾਡੇ ਮਾਲਕ ਦੇ ਦਿਲ ਦੇ ਦਰਵਾਜ਼ੇ ਸਾਡੇ ਲਈ ਖੁੱਲ੍ਹੇ ਹੁੰਦੇ ਹਨ। ਅਸੀਂ ਜੀਵਨ ਦੀ ਖੁਰਾਕ ਨੂੰ ਕੁਚਲ ਜਾਂਦੇ ਹਾਂ ਜਦੋਂ ਕਿ ਭੁੱਖ ਸਾਡੇ ਦਿਲਾਂ ਨੂੰ ਘੁਣ ਵਾਂਗ ਖਾਂਦੀ ਹੈ। ਜ਼ਿੰਦਗੀ ਕਿੰਨੀ ਵਧੀਆ ਹੈ ਮਨੁੱਖ ਲਈ, ਫਿਰ ਵੀ ਮਨੁੱਖ ਕਿੰਨਾਂ ਦੂਰ ਜਾ ਰਿਹਾ ਹੈ ਜ਼ਿੰਦਗੀ ਤੋਂ।