ਮਾਲਕ ਦੇ ਹੋਰ ਬਚਨ
ਮੈਂ ਆਰੰਭ ਤੋਂ ਹੀ ਇਥੇ ਹਾਂ ਅਤੇ ਅਖੀਰ ਤਕ ਇਥੇ ਹੀ ਰਹਾਂਗਾ, ਕਿਉਂਕਿ ਮੇਰੀ ਹੋਂਦ ਦਾ ਕੋਈ ਅੰਤ ਨਹੀਂ ਹੈ। ਮਾਨਵੀ ਰੂਹ ਜਗਦੀ ਲੈਂਪ ਦਾ ਹਿੱਸਾ ਹੈ ਜੋ ਖ਼ੁਦਾ ਨੇ ਮਨੁੱਖ ਦੀ ਸਿਰਜਨਾ ਵੇਲੇ ਆਪਣੇ ਤੋਂ ਅਲਗ ਕੀਤੀ ਸੀ।
ਮੇਰੇ ਵੀਰੋ, ਇਕ ਦੂਸਰੇ ਦੀ ਸਲਾਹ ਲਓ, ਕਿਉਂਕਿ ਇਸੇ ਵਿਚ ਗਲਤੀ ਅਤੇ ਫ਼ਜ਼ੂਲ ਪਛਤਾਵੇ ਤੋਂ ਛੁਟਕਾਰਾ ਹੈ। ਬਹੁਤਿਆਂ ਦੀ ਸਿਆਣਪ ਜ਼ੁਲਮ ਵਿਰੁਧ ਤੁਹਾਡੇ ਲਈ ਢਾਲ ਹੈ। ਕਿਉਂਕਿ ਜਦੋਂ ਅਸੀਂ ਇਕ ਦੂਜੇ ਕੋਲੋਂ ਸਲਾਹ ਲੈਣ ਲਈ ਜਾਂਦੇ ਹਾਂ ਤਾਂ ਸਾਡੇ ਦੁਸ਼ਮਨਾਂ ਦੀ ਗਿਣਤੀ ਘਟ ਜਾਂਦੀ ਹੈ।
ਉਹ ਜੋ ਸਲਾਹ ਨਹੀਂ ਲੈਂਦਾ ਮੂਰਖ ਹੈ। ਉਸਦੀ ਮੂਰਖਤਾ ਉਸਨੂੰ ਸਚਾਈ ਨੂੰ ਵੇਖਣ ਵਲੋਂ ਅੰਨ੍ਹਾ ਕਰ ਦੇਂਦੀ ਹੈ। ਉਸਨੂੰ ਬੁਰਾ, ਅੜੀਅਲ ਅਤੇ ਆਪਣੇ ਸਾਥੀਆਂ ਲਈ ਖਤਰਾ ਬਣਾ ਦੇਂਦੀ ਹੈ।
ਜਦੋਂ ਤੁਸੀਂ ਕਿਸੇ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹੋ ਤਾਂ ਦ੍ਰਿੜ੍ਹ ਸੰਕਲਪ ਕਰ ਕੇ ਉਸਦਾ ਸਾਹਮਣਾ ਕਰੋ ਕਿਉਂਕਿ ਇਹੀ ਤਾਕਤਵਰ ਦੀ ਸ਼ਕਤੀ ਦਾ ਭੇਦ ਹੈ।
ਤੁਸੀਂ ਬਜ਼ੁਰਗਾਂ ਦੀ ਸਲਾਹ ਲਓ ਕਿਉਂਕਿ ਉਹਨਾਂ ਦੀਆਂ ਅੱਖਾਂ ਨੇ ਸਾਲਾਂ ਦੀ ਤੌਰ ਤੇ ਤਰੱਕੀ ਨੂੰ ਵੇਖਿਆ ਅਤੇ ਉਹਨਾਂ ਦੇ ਕੰਨਾਂ ਨੇ ਜ਼ਿੰਦਗੀ ਦੀਆਂ ਸੁਰਾਂ ਨੂੰ ਸੁਣਿਆ ਹੁੰਦਾ ਹੈ। ਭਾਵੇਂ ਉਹਨਾਂ ਦੀ ਸਲਾਹ ਤੁਹਾਨੂੰ ਚੰਗੀ ਨਾ ਲਗੇ, ਪਰ ਉਹਨਾਂ ਦੀ ਗਲ ਧਿਆਨ ਨਾਲ ਸੁਣੋ।
ਕਿਸੇ ਅਤਿਆਚਾਰੀ ਜਾਂ ਭੈੜੇ ਮੁਜਰਮ ਜਾਂ ਕਿਸੇ ਗੁਸਤਾਖ਼ ਜਾਂ ਨੀਚ ਭਗੌੜੇ ਵਿਅਕਤੀ ਤੋਂ ਕਿਸੇ ਚੰਗੀ ਸਲਾਹ ਦੀ ਆਸ ਨਾ ਰੱਖੋ। ਉਸਨੂੰ ਮੂੰਹ ਨਾ ਲਾਓ ਜੋ ਗੁਨਾਹਗਾਰ ਨਾਲ ਸਾਜਸ਼ ਕਰਕੇ ਸਲਾਹ ਲੈਣ ਵੀ ਆਉਂਦਾ ਹੈ। ਕਿਉਂਕਿ ਗੁਨਾਹਗਾਰ ਨਾਲ ਸਹਿਮਤ ਹੋ ਜਾਣਾ ਬਦਨਾਮੀ ਦਾ ਕਾਰਨ ਬਣਦਾ ਹੈ ਅਤੇ ਕਿਸੇ ਝੂਠੇ ਦੀ ਗਲ ਸੁਨਣਾ ਬੇਈਮਾਨੀ ਤੇ ਧ੍ਰੋਹ ਹੈ।