ਸਰੋਤਾ
ਓ ਹਵਾ, ਤੂੰ ਜੋ ਸਾਨੂੰ ਛੂਹ ਕੇ ਤੁਰ ਜਾਂਦੀ ਏ ਹੁਣੇ ਧੀਮੀ ਤੇ ਮਿਠੀ ਜਿਹੀ ਸੁਰ ਵਿਚ ਗੁਣਗੁਣਾਉਂਦੀ ਅਤੇ ਆਹ ਹੁਣੇ ਹੀ ਹਉਂਕੇ ਤੇ ਹਉਂਕੇ ਭਰਦੀ ਤੇ ਵਿਰਲਾਪ ਕਰਦੀ ਹੋਈ, ਅਸੀਂ ਤੈਨੂੰ ਸੁਣਦੇ ਤਾਂ ਹਾਂ ਪਰ ਤੈਨੂੰ ਵੇਖ ਨਹੀਂ ਸਕਦੇ। ਅਸੀਂ ਤੇਰੀ ਛੂਹ ਮਹਿਸੂਸ ਕਰਦੇ ਹਾਂ ਪਰ ਤੇਰਾ ਰੂਪ ਰੰਗ ਨਹੀਂ ਵੇਖ ਸਕਦੇ। ਤੂੰ ਪਿਆਰ ਦਾ ਅਜਿਹਾ ਸਾਗਰ ਏ ਜੋ ਸਾਡੀਆਂ ਆਤਮਾਵਾਂ ਨੂੰ ਆਪਣੇ ਵਿਚ ਸਮੋਂ ਲੈਂਦਾ ਹੈ ਪਰ ਡੁੱਬਣ ਨਹੀ ਦਿੰਦਾ।
ਤੂੰ ਪਹਾੜੀਆਂ ਦੇ ਉਤੇ ਝੂੰਮਦੀ ਅਤੇ ਘਾਟੀਆਂ ਨਾਲ ਕਲੋਲ ਕਰਦੀ, ਆਪਣੇ ਆਪ ਨੂੰ ਖੇਤਾਂ ਤੇ ਚਰਾਗਾਹਾਂ ਉਤੇ ਖਿਲਾਰਦੀ ਏ। ਤੇਰੀ ਚੜ੍ਹਾਈ ਵਿਚ ਤਾਕਤ ਹੈ ਅਤੇ ਉਤਰਾਈ ਵਿਚ ਕੋਮਲਤਾ, ਅਤੇ ਤੇਰੇ ਖਿਲਰ ਜਾਣ ਵਿਚ ਉਦਾਰਤਾ। ਤੂੰ ਇਕ ਦਿਆਲੂ ਰਾਜੇ ਵਾਂਗ ਏ, ਨਿਮਾਣਿਆਂ ਪ੍ਰਤੀ ਕਿਰਪਾਲੂ ਪਰ ਮਗਰੂਰ ਅਤੇ ਤਾਕਤਵਰ ਪ੍ਰਤੀ ਕਠੋਰ।
ਪੱਤਝੜ ਵਿਚ ਤੂੰ ਘਾਟੀਆਂ ਵਿਚ ਰੁਦਨ ਕਰਦੀ ਏਂ ਤੇ ਦਰਖ਼ਤਾਂ ਵਿਚੋਂ ਤੇਰਾ ਵਿਰਲਾਪ ਗੂੰਜਦਾ ਹੈ। ਸਰਦੀ ਦੀ ਰੁੱਤ ਵਿਚ ਤੂੰ ਆਪਣੇ ਬੰਧਨ ਤੋੜ ਦੇਂਦੀ ਏ ਤੇ ਸਾਰੀ ਪ੍ਰਕ੍ਰਿਤੀ ਹੀ ਤੇਰੇ ਨਾਲ ਰਲਕੇ ਬਗਾਵਤ ਕਰਦੀ ਏ।
ਬਸੰਤ ਬਹਾਰ ਵਿਚ ਤੂੰ ਆਪਣੀ ਨੀਂਦ ਵਿਚ ਅਧ ਜਾਗੀ ਅਤੇ ਕਮਜ਼ੋਰ ਤੇ ਸੁਸਤਾਈ ਹੋਈ ਆਪਣੀ ਧੀਮੀ ਜਿਹੀ ਹਰਕਤ ਨਾਲ ਖੇਤਾਂ ਵਿਚ ਜਾਗਰੂਕਤਾ ਲਿਆ ਦੇਂਦੀ ਏ।
ਗਰਮੀ ਦੀ ਰੁੱਤ ਵਿਚ ਤੂੰ ਆਪਣੇ ਆਪ ਨੂੰ ਚੁੱਪ ਦੇ ਪਰਦੇ ਪਿਛੇ ਛੁਪਾ ਲੈਂਦੀ ਏਂ ਜਿਵੇਂ ਕਿ ਤੂੰ ਮਰ ਮੁੱਕ ਹੀ ਗਈ ਹੋਵੇਂ, ਸੂਰਜ ਦੀ ਤਿੱਖੀ ਗਰਮੀ ਤੇ ਲੂ ਨਾਲ ਜ਼ਖ਼ਮੀ ਤੇ ਨਿਢਾਲ ਹੋਈ।