ਸਿਆਣਪ ਅਤੇ ਮੈਂ
ਰਾਤ ਦੀ ਚੁੱਪੀ ਵਿਚ ਸਿਆਣਪ ਮੇਰੇ ਕਮਰੇ ਵਿਚ ਆ ਕੇ ਮੇਰੇ ਬਿਸਤਰੇ ਕੋਲ ਖੜੀ ਹੋ ਗਈ, ਉਸਨੇ ਮਾਤਰੀ ਭਾਵ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖਿਆ, ਮੇਰੇ ਹੰਝੂ ਪੂੰਝੇ ਤੇ ਕਹਿਣ ਲਗੀ:
"ਮੈਂ ਤੇਰੀ ਰੂਹ ਦੀ ਚੀਕ ਪੁਕਾਰ ਸੁਣੀ ਹੈ ਜਿਸ ਕਰਕੇ ਮੈਂ ਤੈਨੂੰ ਧੀਰਜ ਦੇਣ ਆਈ ਹਾਂ। ਆਪਣਾ ਦਿਲ ਮੇਰੇ ਕੋਲ ਖੋਹਲ, ਮੈਂ ਇਸਨੂੰ ਚਾਨਣ ਨਾਲ ਭਰ ਦਿਆਂਗੀ। ਪੁੱਛ, ਜੋ ਪੁੱਛਣਾ ਹੈ, ਮੈਂ ਤੈਨੂੰ ਸਚਾਈ ਦਾ ਰਾਹ ਵਿਖਾਵਾਂਗੀ।"
ਮੈਂ ਉਸਦੀ ਗਲ ਮੰਨ ਲਈ ਅਤੇ ਪੁਛਿਆ :
"ਕੌਣ ਹਾਂ ਮੈਂ, ਸਿਆਣਪੇ, ਅਤੇ ਮੈਂ ਇਸ ਡਰਾਉਣੀ ਥਾਂ 'ਤੇ ਕਿਵੇਂ ਆਇਆ? ਇਹ ਉਚੀਆਂ ਆਸ਼ਾਵਾਂ, ਪੁਸਤਕਾਂ ਦੇ ਭੰਡਾਰ ਅਤੇ ਅਜੀਬ ਜਿਹੇ ਆਕਾਰ ਕੀ ਹਨ? ਇਹ ਖ਼ਿਆਲ ਕੀ ਹਨ ਜੋ ਉਡਦੀਆਂ ਘੁੱਗੀਆਂ ਦੀ ਡਾਰ ਵਾਂਗ ਆਉਂਦੇ ਜਾਂਦੇ ਹਨ? ਇਹ ਸ਼ਬਦ ਕੀ ਹਨ ਜੋ ਅਸੀਂ ਉਤਸ਼ਾਹ ਨਾਲ ਵਿਉਂਤਬੰਧ ਕਰਦੇ ਅਤੇ ਖੁਸ਼ੀ ਨਾਲ ਲਿਖਦੇ ਹਾਂ? ਇਹ ਗ਼ਮਗੀਨ ਅਤੇ ਖੁਸ਼ੀ ਭਰੇ ਸਿੱਟੇ ਕੀ ਹਨ ਜੋ ਮੇਰੀ ਰੂਹ ਨੂੰ ਕਲਾਵੇ ਵਿਚ ਲੈਂਦੇ ਅਤੇ ਮੇਰੇ ਦਿਲ ਨੂੰ ਕਾਬੂ ਕਰ ਲੈਂਦੇ ਹਨ? ਇਹ ਕਿਸ ਦੇ ਨੈਣ ਹਨ ਜੋ ਮੇਰੇ ਵਲ ਇਕ ਟੱਕ ਵੇਖਦੇ ਅਤੇ ਮੇਰੀ ਰੂਹ ਦੇ ਧੁਰ ਅੰਦਰ ਨੂੰ ਵਿੰਨ੍ਹ ਜਾਂਦੇ ਹਨ ਅਤੇ ਫਿਰ ਵੀ ਮੇਰੇ ਦੁੱਖ ਦਾ ਭੁਲਾਵਾ ਹਨ? ਇਹ ਆਵਾਜ਼ਾਂ ਕੀ ਹਨ ਜੋ ਮੇਰੇ ਬੀਤੇ ਦਿਨਾਂ ਉਤੇ ਵਿਰਲਾਪ ਕਰਦੀਆਂ ਅਤੇ ਮੇਰੇ ਬਚਪਨ ਦੀਆਂ ਸਿਫਤਾਂ ਦੇ ਗੀਤ ਗਾਉਂਦੀਆਂ ਹਨ? ਇਹ ਕਿਹੜਾ ਨੌਜੁਆਨ ਹੈ ਜਿਹੜਾ ਮੇਰੀਆਂ ਭਾਵਨਾਵਾਂ ਨਾਲ ਖੇਡਦਾ ਅਤੇ ਇੱਛਾਵਾਂ ਦਾ ਮਜ਼ਾਕ ਉਡਾਉਂਦਾ ਹੈ, ਜੋ ਬੀਤੇ ਕਲ ਦੇ ਕਰਮਾਂ ਨੂੰ ਭੁੱਲ ਕੇ ਅਜ ਦੇ ਛੋਟੇਪਣ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰਦਾ ਅਤੇ ਆਉਣ ਵਾਲੇ ਕਲ੍ਹ ਦੀ ਧੀਮੀ ਪਹੁੰਚ ਵਿਰੁਧ ਆਪਣੇ ਆਪ ਨੂੰ ਹਥਿਆਰਬੰਦ ਕਰਦਾ ਹੈ?