ਪ੍ਰਕ੍ਰਿਤੀ ਅਤੇ ਮਨੁੱਖ
ਪ੍ਰਭਾਤ ਵੇਲੇ ਮੈਂ ਖੇਤ ਵਿਚ ਬੈਠਾ ਪ੍ਰਕ੍ਰਿਤੀ ਨਾਲ ਗੱਲਾਂ ਕਰ ਰਿਹਾ ਸਾਂ, ਜਦੋਂ ਕਿ ਮਨੁੱਖ ਡੂੰਘੀ ਤੇ ਸ਼ਾਂਤ ਨੀਂਦ ਦੇ ਪਰਦੇ ਹੇਠ ਆਰਾਮ ਕਰ ਰਿਹਾ ਸੀ। ਮੈਂ ਹਰੀ ਭਰੀ ਘਾਹ ਉਤੇ ਲੇਟਿਆ ਇਹਨਾਂ ਸੁਆਲਾਂ ਬਾਰੇ ਧਿਆਨ ਮਗਨ ਹੋ ਕੇ ਵਿਚਾਰ ਕਰ ਰਿਹਾ ਸੀ: "ਕੀ ਸਚਾਈ ਖੂਬਸੂਰਤੀ ਹੈ? ਕੀ ਖੂਬਸੂਰਤੀ ਸਚਾਈ ਹੈ?'
ਆਪਣੇ ਵਿਚਾਰਾਂ ਵਿਚ ਮਗਨ ਮੈਂ ਆਪਣੇ ਆਪ ਨੂੰ ਮਨੁੱਖਤਾ ਤੋਂ ਬਹੁਤ ਪਰ੍ਹੇ ਮਹਿਸੂਸ ਕੀਤਾ ਅਤੇ ਕਲਪਨਾ ਨੇ ਭੁਲੇਖੇ ਦਾ ਪਰਦਾ ਚੁੱਕ ਦਿਤਾ ਜਿਸ ਹੇਠ ਮੇਰਾ ਅੰਤਰੀਵ ਸ੍ਵੈ ਛੁਪਿਆ ਹੋਇਆ ਸੀ। ਮੇਰੀ ਰੂਹ ਚਾਨਣ ਚਾਨਣ ਹੋਈ ਅਤੇ ਮੈਂ ਪ੍ਰਕ੍ਰਿਤੀ ਅਤੇ ਇਸਦੇ ਭੇਦਾਂ ਦੇ ਨੇੜੇ ਹੋਇਆ ਅਤੇ ਮੇਰੇ ਕੰਨ ਉਸਦੇ ਅਜੂਬਿਆਂ ਦੀ ਭਾਸ਼ਾ ਸੁਨਣ ਲਗੇ।
ਜਿਉਂ ਹੀ ਮੈਂ ਵਿਚਾਰਾ ਵਿਚ ਡੁਬਿਆ ਹੋਇਆ ਸਾਂ, ਰੁਮਕਦੀ ਹਵਾ ਦਰਖ਼ਤਾਂ ਦੀਆਂ ਟਾਹਣੀਆਂ ਵਿਚੋਂ ਦੀ ਲੰਘੀ ਅਤੇ ਮੈਨੂੰ ਲਗਿਆ ਜਿਵੇਂ ਕੋਈ ਭਟਕਦਾ ਯਤੀਮ ਬੱਚਾ ਹਉਕੇ ਭਰ ਰਿਹਾ ਹੋਵੇ।
"ਐ ਮੱਧਮ ਰੁਮਕਦੀ ਹਵਾ, ਤੂੰ ਹਉਕੇ ਕਿਉਂ ਭਰ ਰਹੀ ਏਂ?" ਮੈਂ ਪੁਛਿਆ।
ਅਤੇ ਪ੍ਰਭਾਤ ਦੀ ਹਵਾ ਦਾ ਉੱਤਰ ਸੀ "ਕਿਉਂਕਿ ਮੈਂ ਉਸ ਸ਼ਹਿਰ ਵਿਚੋਂ ਆਈ ਹਾਂ ਜੋ ਸੂਰਜ ਦੀ ਗਰਮੀ ਨਾਲ ਤਪਿਆ ਹੋਇਆ ਹੈ, ਅਤੇ ਪਲੇਗ ਤੇ ਅਪਵਿਤਰਤਾ ਦੇ ਅੰਸ਼ਾਂ ਨੇ ਮੇਰੇ ਪਵਿਤਰ ਕਪੜਿਆਂ ਨੂੰ ਲਬੇੜ ਦਿਤਾ ਹੈ। ਕੀ ਤੂੰ ਮੇਰੇ ਉਤੇ ਦੁਖੀ ਹੋਣ ਦਾ ਦੋਸ਼ ਲਗਾ ਸਕਦਾ ਏਂ?"