ਪਿਆਰੀ ਜਿਵੇਂ ਚਿੱਟੀ ਹੰਸਣੀ ਅਤੇ ਡਰਪੋਕ ਜਿਵੇਂ ਕਾਲੀ ਰਾਤ ਹੋਵੇ। ਉਹ ਮੁੱਠੀ ਭਰ ਮਿੱਟੀ ਅਤੇ ਚੁੰਜ ਭਰ ਸਮੁੰਦਰ ਦੀ ਝੱਗ ਤੋਂ ਬਣੀ ਹੋਈ ਹੈ।
ਮੈਂ ਇਸ ਔਰਤ ਨੂੰ ਬਚਪਨ ਤੋਂ ਜਾਣਦਾ ਹਾਂ। ਮੈਂ ਖੇਤਾਂ ਤਕ ਉਸਦਾ ਪਿੱਛਾ ਕੀਤਾ ਅਤੇ ਜਦੋਂ ਉਹ ਸ਼ਹਿਰ ਦੀਆਂ ਗਲੀਆਂ ਵਿਚ ਤੁਰਦੀ ਤਾਂ ਮੈਂ ਉਸਦੇ ਗਾਊਨ ਦਾ ਪੱਲਾ ਫੜਕੇ ਚਲਦਾ।
ਮੈਂ ਉਸਨੂੰ ਆਪਣੀ ਜੁਆਨੀ ਦੇ ਦਿਨਾਂ ਤੋਂ ਜਾਣਦਾ ਹਾਂ, ਅਤੇ ਮੈਂ ਜੋ ਕਿਤਾਬਾਂ ਪੜ੍ਹੀਆਂ ਉਹਨਾਂ ਪੰਨਿਆਂ ਵਿਚ ਉਸਦੇ ਚਿਹਰੇ ਦੇ ਪਰਛਾਵੇਂ ਨੂੰ ਵੇਖਿਆ। ਮੈਂ ਸੂਖਮ ਨਦੀ ਦੀ ਕਲਕਲ ਵਿਚੋਂ ਉਸਦੀ ਇਲਾਹੀ ਆਵਾਜ਼ ਸੁਣੀ ਹੈ।
ਉਸ ਅਗੇ ਮੈਂ ਆਪਣੇ ਦਿਲ ਦੀ ਅਸੰਤੁਸ਼ਟਤਾ ਅਤੇ ਰੂਹ ਦੇ ਭੇਦ ਖੋਹਲੇ।
ਉਹ ਔਰਤ ਜਿਸਨੂੰ ਮੇਰੇ ਦਿਲ ਨੇ ਚਾਹਿਆ, ਉਹ ਸਰਦ, ਵੀਰਾਨ ਅਤੇ ਦੂਰ ਦੁਰਾਡੇ ਦੀ ਧਰਤੀ-ਖਲਾਅ ਅਤੇ ਭੁਲਾਵੇ ਦੇ ਦੇਸ਼ ਚਲੀ ਗਈ ਹੈ।
ਉਹ ਔਰਤ ਜਿਸਨੂੰ ਮੇਰੇ ਦਿਲ ਨੇ ਪਿਆਰਿਆ ਹੈ, ਨੂੰ ਜ਼ਿੰਦਗੀ ਕਹਿੰਦੇ ਹਨ। ਉਹ ਖੂਬਸੂਰਤ ਹੈ ਅਤੇ ਸਾਰੇ ਦਿਲਾਂ ਨੂੰ ਮੋਹ ਲੈਂਦੀ ਹੈ। ਉਹ ਸਾਡੇ ਜੀਵਨ ਠੂਠੇ ਵਿਚ ਧਰ ਲੈਂਦੀ ਹੈ ਅਤੇ ਵਾਅਦਿਆਂ ਵਿਚ ਸਾਡੀਆਂ ਤਾਂਘਾਂ ਨੂੰ ਦਫ਼ਨਾ ਦੇਂਦੀ ਹੈ।
ਜ਼ਿੰਦਗੀ ਉਹ ਔਰਤ ਹੈ ਜੋ ਆਪਣੇ ਪ੍ਰੇਮੀਆਂ ਦੇ ਹੰਝੂਆਂ ਨਾਲ ਇਸ਼ਨਾਨ ਕਰਦੀ ਅਤੇ ਆਪਣੇ ਸ਼ਿਕਾਰ ਦੇ ਖੂਨ ਨਾਲ ਮਾਲਸ਼ ਕਰਦੀ ਹੈ। ਉਸਦੇ ਵਸਤਰ ਚਿੱਟੇ ਦੁੱਧ ਹਨ, ਜਿਸਦੇ ਹੇਠਾਂ ਰਾਤ ਦੇ ਹਨੇਰਿਆਂ ਦਾ ਅਸਤਰ ਲਗਾ ਹੋਇਆ ਹੈ। ਉਹ ਪ੍ਰੇਮੀ ਦਾ ਦਿਲ ਲੈਂਦੀ ਹੈ ਪਰ ਉਸ ਨਾਲ ਸ਼ਾਦੀ ਕਰਵਾਉਣ ਤੋਂ ਇਨਕਾਰੀ ਹੈ। ਜ਼ਿੰਦਗੀ ਇਕ ਜਾਦੂਗਰਨੀ ਹੈ।