ਜੁਆਨੀ ਅਤੇ ਆਸ
ਜਵਾਨੀ ਮੇਰੇ ਕੋਲ ਆਈ ਅਤੇ ਮੈਂ ਉਸਦੇ ਪਿਛੇ ਪਿਛੇ ਚਲ ਪਿਆ ਜਦ ਤਕ ਕਿ ਅਸੀਂ ਦੂਰ ਖੇਤਾਂ ਵਿਚ ਨਾ ਪੁੱਜ ਗਏ। ਉਥੇ ਜਾ ਕੇ ਉਹ ਰੁਕੀ ਅਤੇ ਬੱਦਲਾਂ ਵਲ ਵੇਖਿਆ ਜੇ ਚਿੱਟੇ ਮੇਮਨਿਆਂ ਦੇ ਝੁੰਡ ਵਾਂਗ ਖਿਤਿਜ ਉਤੇ ਮੰਡਰਾ ਰਹੇ ਹੋਣ। ਫਿਰ ਉਸਨੇ ਦਰਖ਼ਤਾ ਵਲ ਵੇਖਿਆ ਜਿਹਨਾਂ ਦੀਆਂ ਨੰਗੀਆਂ ਟਾਹਣੀਆਂ ਆਕਾਸ਼ ਵਲ ਤਕਦੀਆਂ ਸਨ ਜਿਵੇਂ ਕਿ ਆਪਣੀਆਂ ਪੱਤੀਆਂ ਦੀ ਵਾਪਸੀ ਲਈ ਖ਼ੁਦਾ ਅਗੇ ਅਰਦਾਸ ਕਰ ਰਹੀਆਂ ਹੋਣ।
ਮੈਂ ਪੁਛਿਆ, "ਅਸੀਂ ਹੁਣ ਕਿਥੇ ਹਾਂ ਜੁਆਨੀ?" ਅਤੇ ਉਸਨੇ ਉੱਤਰ ਦਿੱਤਾ, "ਅਸੀਂ ਹੈਰਾਨਗੀ ਦੇ ਵੀਰਾਨ ਖੇਤਰ ਵਿਚ ਹਾਂ। ਧਿਆਨ ਨਾਲ ਵੇਖ।"
ਤਾਂ ਮੈਂ ਕਿਹਾ,"ਸਾਨੂੰ ਇਕਦਮ ਵਾਪਿਸ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਵੀਰਾਨ ਥਾਂ ਤੋਂ ਮੈਨੂੰ ਬਹੁਤ ਡਰ ਲਗਦਾ ਹੈ ਅਤੇ ਬੱਦਲਾਂ ਦੇ ਰੁੰਡ ਮੁੰਡ ਦਰਖ਼ਤਾਂ ਦਾ ਦ੍ਰਿਸ਼ ਮੇਰੇ ਮਨ ਨੂੰ ਉਦਾਸੀ ਨਾਲ ਭਰ ਰਿਹਾ ਹੈ?"
ਅਤੇ ਉਸਦਾ ਜੁਆਬ ਸੀ,"ਸਬਰ ਕਰ, ਹੈਰਾਨਗੀ ਗਿਆਨ ਦੀ ਸ਼ੁਰੂਆਤ ਹੈ।"
ਫਿਰ ਮੈਂ ਆਪਣੇ ਆਲੇ ਦੁਆਲੇ ਝਾਤੀ ਮਾਰੀ ਤਾਂ ਵੇਖਿਆ ਕਿ ਇਕ ਆਕਾਰ ਧੀਮੇ ਜਿਹੇ ਸਾਡੇ ਵਲ ਵਧ ਰਿਹਾ ਸੀ, ਮੈਂ ਪੁਛਿਆ, "ਇਹ ਔਰਤ ਕੌਣ ਹੈ?"
ਤੇ ਜੁਆਨੀ ਨੇ ਉੱਤਰ ਦਿਤਾ, "ਇਹ ਮੈਲਪੋਮੀਨ ਹੈ, ਜਿਊਸ ਦੀ ਪੁੱਤਰੀ ਅਤੇ ਦੁਖਾਂਤ ਦੀ ਦੇਵੀ।"