ਉਹ ਸਮੁੰਦਰ, ਜੋ ਸਾਰਿਆਂ ਨੂੰ ਆਵਾਜ਼ਾਂ ਮਾਰਦਾ ਹੈ, ਮੈਨੂੰ ਵੀ ਸੱਦ ਰਿਹੈ, ਤੇ ਮੈਨੂੰ / ਜਾਣਾ ਹੀ ਪੈਣੈ, ਕਿਉਂਕਿ ਮੇਰੇ ਲਈ ਇਥੇ ਹੋਰ ਰੁਕਣਾ ਬਰਫ਼ ਦੀ ਤਰ੍ਹਾਂ ਜੰਮ ਜਾਣ ਜਾਂ ਇਕ - ਸਾਂਚੇ ਵਿਚ ਢਲ ਜਾਣ ਦੇ ਬਰਾਬਰ ਹੋਏਗਾ, ਹਾਲਾਂਕਿ ਸਮਾਂ ਤਾਂ ਬੀਤ ਹੀ ਜਾਏਗਾ।
ਇਥੇ ਜੋ ਕੁਝ ਵੀ ਹੈ ਸਾਰਾ ਕੁਝ ਆਪਣੇ ਨਾਲ ਲਿਜਾਣ ਲਈ ਤਿਆਰ ਹਾਂ, ਪਰ ਮੈਂ ਇਹ ਸਾਰਾ ਕੁਝ ਕਿਵੇਂ ਲਿਜਾ ਸਕਦਾਂ ਭਲਾ ?
ਕੋਈ ਆਵਾਜ਼ ਉਸ ਜ਼ੁਬਾਨ ਤੇ ਉਨ੍ਹਾਂ ਬੁੱਲ੍ਹਾਂ ਨੂੰ ਆਪਣੇ ਨਾਲ ਉਡਾ ਕੇ ਨਹੀਂ ਲਿਜਾ ਸਕਦੀ, ਜਿਨ੍ਹਾਂ ਨੇ ਉਸ ਨੂੰ ਪਰਵਾਜ਼ ਬਖ਼ਸ਼ੀ ਹੈ। ਉਸ ਨੂੰ ਇਕੱਲਿਆਂ ਹੀ ਅੰਬਰ ਵਿਚ ਉੱਡਣਾ ਪਏਗਾ।
ਤੇ ਇਕੱਲਿਆਂ ਹੀ ਤਾਂ ਉਕਾਬ ਨੂੰ ਵੀ ਆਪਣਾ ਆਲ੍ਹਣਾ ਨੂੰ ਛੱਡ ਕੇ ਸੂਰਜ ਵੱਲ ਉਡਾਰੀ ਮਾਰਨੀ ਪਵੇਗੀ।'
ਤੇ ਹੁਣ ਜਦ ਉਹ ਧੁਰ ਪਹਾੜ ਤੋਂ ਹੇਠਾਂ ਉੱਤਰ ਚੁੱਕਾ ਸੀ, ਉਸ ਨੇ ਫੇਰ ਸਮੁੰਦਰ ਵੱਲ ਤੱਕਿਆ ਤੇ ਉਸ ਨੂੰ ਜਹਾਜ਼ ਬੰਦਰਗਾਹ ਵੱਲ ਆਉਂਦਾ ਦਿਸਿਆ, ਜਿਸ ਦੇ ਮੁਹਾਣੇ ਵਿਚ ਮੱਲਾਹ, ਜੋ ਕਿ ਉਸ ਦੇ ਆਪਣੇ ਹੀ ਮੁਲਕ ਦੇ ਲੋਕ ਸਨ, ਬੈਠੇ ਹੋਏ ਸਨ।
ਉਨ੍ਹਾਂ ਨੂੰ ਵੇਖ ਕੇ ਉਸ ਦੀ ਆਤਮਾ ਪੁਕਾਰ ਉਠੀ ਤੇ ਉਹ ਬੋਲਿਆ-
"ਓ ਮੇਰੀ ਪੁਰਾਤਨ ਜਨਮ-ਭੋਇ ਦੇ ਸੁਪੁੱਤਰੋ, ਓ ਸਮੁੰਦਰ ਦੀਆਂ ਲਹਿਰਾਂ 'ਤੇ ਚੜ੍ਹਨ ਵਾਲਿਓ!
ਕਿੰਨੀ ਹੀ ਵਾਰੀ ਤੁਸੀਂ ਲੋਕਾਂ ਨੇ ਮੇਰੇ ਸੁਪਨਿਆਂ ਵਿਚ ਚਰਨ ਪਾਏ ਹਨ ਤੇ ਅੱਜ ਤੁਸੀਂ ਲੋਕ ਸੱਚਮੁੱਚ ਹੀ ਆਏ ਹੋ, ਅੱਜ ਜਦੋਂ ਕਿ ਮੈਂ ਜਾਗਰੂਕ ਹੋਇਆ ਹਾਂ, ਜੋ ਕਿ ਮੇਰਾ ਹੋਰ ਵੀ ਜ਼ਿਆਦਾ ਡੂੰਘਾ ਸੁਪਨਾ ਹੈ।
ਮੈਂ ਚੱਲਣ ਨੂੰ ਤਿਆਰ ਹਾਂ ਤੇ ਮੈਂ ਬੇਸਬਰੀ ਨਾਲ ਇਸ ਪਤਵਾਰ* ਨੂੰ ਹੱਥ 'ਚ ਲੈ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਕੇ ਹਵਾ ਦੇ ਰੁਖ਼ ਦੇ ਅਨੁਕੂਲ ਹੋ ਜਾਣ ਦੀ ਉਡੀਕ ਵਿਚ ਹਾਂ।
ਬੱਸ ਮੈਂ ਇਕ ਹੋਰ ਡੂੰਘਾ ਸਾਹ ਇਥੋਂ ਦੀ ਆਬੋ-ਹਵਾ ਵਿਚ ਲਵਾਂਗਾ, ਬੱਸ ਇਕ ਹੋਰ ਮੋਹ-ਭਿੱਜੀ ਤੱਕਣੀ ਨਾਲ ਮੈਂ ਆਪਣੇ ਪਿੱਛੇ ਮੁੜ ਕੇ ਵੇਖਾਂਗਾ।
ਤੇ ਫਿਰ ਮੈਂ ਵੀ ਤੁਹਾਡੇ ਸਭ ਦੇ ਵਿਚਕਾਰ ਆ ਜਾਵਾਂਗਾ, ਬਿਲਕੁਲ ਇਕ ਸਮੁੰਦਰੀ ਯਾਤਰੀ ਦੀ ਤਰ੍ਹਾਂ ਤੁਹਾਡੇ ਸਭਨਾਂ ਸਮੁੰਦਰੀ ਯਾਤਰੀਆਂ ਦੇ ਵਿਚਕਾਰ।
ਤੇ ਹੇ ਅਥਾਹ ਸਮੁੰਦਰ, ਸਾਡੀ ਬੇਨੀਂਦਰੀ ਮਾਂ, ਤੂੰ ਨਦੀਆਂ-ਦਰਿਆਵਾਂ ਨੂੰ ਸ਼ਾਂਤ ਤੇ ਮੁਕਤ ਕਰਦੀ ਹੈਂ।
ਬੱਸ ਮੈਂ ਝਰਨਾ ਵੀ ਇਕ ਵਾਰ ਹੋਰ ਘੁੰਮਾਂਗਾ, ਬੱਸ ਇਕ ਵਾਰ ਹੋਰ ਸ਼ੋਰ ਕਰਾਂਗਾ ਤੇ ਤੇਰੇ ਵਿਚ ਹਮੇਸ਼ਾ ਲਈ ਸ਼ਾਂਤ ਹੋ ਜਾਵਾਂਗਾ।
......................
* ਜਹਾਜ਼ ਜਾਂ ਬੇੜੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਚੱਕਰ ਜਾਂ ਤਿਕੋਣ-ਨੁਮਾ ਜੰਤਰ, ਜਿਸ ਨਾਲ ਜਹਾਜ਼ ਦਾ ਰੁਖ਼ ਬਦਲਿਆ ਜਾਂਦਾ ਹੈ, ਨੂੰ ਪਤਵਾਰ ਕਿਹਾ ਜਾਂਦਾ ਹੈ।
(ਹਵਾਲਾ-ਪੰਜਾਬੀ ਅਨੁਵਾਦਕ)