Back ArrowLogo
Info
Profile

ਤੇ ਫਿਰ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ ਅੰਦਰ ਸਮਾ ਜਾਵਾਂਗਾ । ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਅਸੀਮ ਬੂੰਦ ਇਕ ਅਸੀਮ ਸਾਗਰ ਵਿਚ ਸਮਾ ਜਾਂਦੀ ਹੈ ।"*

ਤੇ ਜਿਵੇਂ-ਜਿਵੇਂ ਉਹ ਅੱਗੇ ਵਧਿਆ, ਉਸ ਨੇ ਦੂਰੋਂ ਤੀਵੀਆਂ ਤੇ ਮਰਦਾਂ ਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ ਵਿਚੋਂ ਸ਼ਹਿਰ ਵੱਲ ਤੇਜ਼ੀ ਨਾਲ ਆਉਂਦਿਆਂ ਤੱਕਿਆ।

ਫਿਰ ਉਸ ਨੇ ਉਸ ਦਾ ਨਾਂਅ ਲੈਂਦੀਆਂ ਆਵਾਜ਼ਾਂ ਸੁਣੀਆਂ । ਉਹ ਲੋਕ ਉਸ ਦਾ ਨਾਂਅ ਲੈਂਦੇ ਹੋਏ ਖੇਤ-ਦਰ-ਖੇਤ ਇਕ ਦੂਜੇ ਨੂੰ ਜਹਾਜ਼ ਦੇ ਆਉਣ ਦੀ ਖ਼ਬਰ ਦੇ ਰਹੇ ਸਨ।

ਉਦੋਂ ਉਸ ਸੋਚਿਆ-

'ਕੀ ਵਿਛੋੜੇ ਦਾ ਦਿਨ ਹੀ ਉਨ੍ਹਾਂ ਦੇ ਮਿਲਾਪ ਦਾ ਦਿਨ ਹੋ ਨਿਬੜੇਗਾ ?

ਤੇ ਕੀ ਇਹ ਆਖਿਆ ਜਾਏਗਾ ਕਿ ਮੇਰੀ ਜ਼ਿੰਦਗੀ ਦੀ ਸ਼ਾਮ ਹੀ ਅਸਲ ਵਿਚ ਮੇਰੀ ਜ਼ਿੰਦਗੀ ਦੀ ਸਵੇਰ ਸੀ ?

ਤੇ ਮੈਂ ਭਲਾ ਉਸ ਹਾਲੀ ਨੂੰ ਕੀ ਦੇ ਸਕਾਂਗਾ ਜੋ ਆਪਣੇ ਹਲ ਨੂੰ ਸਿਆੜਾਂ ਦੇ ਅੱਧ- ਵਿਚਕਾਰ ਹੀ ਛੱਡ ਆਇਆ ਹੈ ਜਾਂ ਫਿਰ ਉਸ ਕਾਮੇ ਨੂੰ, ਜੋ ਅੰਗੂਰ ਪੀੜਨ ਦੀ ਘੁਲ੍ਹਾੜੀ ਦੇ ਚੱਕਰ ਨੂੰ ਵਿਚੇ ਹੀ ਰੋਕ ਕੇ ਆਇਆ ਹੈ?

ਕੀ ਮੇਰਾ ਦਿਲ ਉਸ ਰੁੱਖ ਦੀ ਤਰ੍ਹਾਂ ਬਣ ਸਕੇਗਾ, ਜੋ ਫਲਾਂ ਨਾਲ ਲੱਦਿਆ ਹੋਇਆ ਹੈ, ਜਿਹਦੇ ਫਲਾਂ ਨੂੰ ਤੋੜ ਕੇ ਮੈਂ ਉਨ੍ਹਾਂ ਸਭਨਾਂ ਲੋਕਾਂ ਨੂੰ ਦੇ ਦੇਵਾਂ ?

ਕੀ ਮੇਰੀਆਂ ਸਧਰਾਂ ਇਕ ਝਰਨੇ ਦੀ ਤਰ੍ਹਾਂ ਵਹਿ ਤੁਰਨਗੀਆਂ, ਜਿਨ੍ਹਾਂ ਨਾਲ ਮੈਂ ਉਨ੍ਹਾਂ ਦੇ ਖ਼ਾਲੀ ਪਿਆਲਿਆਂ ਨੂੰ ਭਰ ਦੇਵਾਂ ?

ਕੀ ਮੈਂ ਕੋਈ ਰਬਾਬ ਹਾਂ, ਜਿਸ ਨੂੰ ਰੱਬ ਦੇ ਹੱਥਾਂ ਦੀ ਛੋਹ ਟੁਣਕਾਰੇ ਜਾਂ ਫਿਰ ਮੈਂ ਕੋਈ ਵੰਝਲੀ ਹਾਂ ਕਿ ਜਿਸ ਵਿਚ ਰੱਬ ਦੇ ਸਾਹ ਫੂਕ ਬਣ ਕੇ ਘੁਲਣ ?

ਮੈਂ ਹਮੇਸ਼ਾ ਹੀ ਸ਼ਾਂਤੀ ਦਾ ਇੱਛੁਕ ਰਿਹਾਂ ਤੇ ਮੈਂ ਇਸ ਸ਼ਾਂਤੀ ਵਿਚੋਂ ਕਿਹੜਾ ਅਜਿਹਾ ਅਮੋਲਕ ਖ਼ਜ਼ਾਨਾ ਹਾਸਲ ਕਰ ਲਿਆ ਹੈ ਕਿ ਜਿਸ ਨੂੰ ਮੈਂ ਪੂਰੇ ਭਰੋਸੇ ਨਾਲ ਇਨ੍ਹਾਂ ਸਭਨਾਂ ਦੇ ਸਪੁਰਦ ਕਰ ਸਕਦਾ ਹਾਂ ?

ਜੇ ਅੱਜ ਦਾ ਦਿਨ ਹੀ ਮੇਰੇ ਲਈ ਫਲ-ਪ੍ਰਾਪਤੀ ਦਾ ਦਿਨ ਹੈ ਤਾਂ ਪਤਾ ਨਹੀਂ ਕਿਹੜੇ ਖੇਤਾਂ ਵਿਚ ਤੇ ਕਿਹੜੇ ਬੇਮਾਲੂਮ ਮੌਸਮਾਂ ਵਿਚ ਮੈਂ ਇਸ ਦਾ ਬੀਜ ਬੀਜਿਆ ਸੀ ?

ਜੇ ਅਸਲ ਵਿਚ ਇਹੀ ਉਹ ਪਲ ਹੈ, ਜਦੋਂ ਮੈਂ ਆਪਣੀ ਲਾਲਟੈਨ ਚੁੱਕਣੀ ਹੈ ਤਾਂ ਇਸ ਵਿਚ ਬਲਣ ਵਾਲੀ ਲੋਅ ਮੇਰੀ ਨਹੀਂ ਹੈ।

ਮੈਂ ਇਸ ਖ਼ਾਲੀ ਤੇ ਬੁਝੀ ਹੋਈ ਲਾਲਟੈਨ ਨੂੰ ਹੀ ਉਪਰ ਚੁੱਕਾਂਗਾ।

ਤੇ ਉਹ, ਜੋ ਰਾਤ ਦਾ ਸਰਪ੍ਰਸਤ ਹੈ, ਉਹੀ ਇਸ ਵਿਚ ਤੇਲ ਪਾਏਗਾ ਤੇ ਇਸ ਨੂੰ ਰੌਸ਼ਨ ਕਰੇਗਾ।'

.....................

* ਇਸ ਅਭੇਦ ਹੋਣ ਦੀ ਅਵਸਥਾ ਬਾਰੇ ਗੁਰੂ ਨਾਨਕ ਜੀ ਨੇ ਵੀ ਕਿਹੈ- .

'ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ ॥

ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ ਨੇ-

'ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥'

(ਹਵਾਲਾ-ਪੰਜਾਬੀ ਅਨੁਵਾਦਕ)

14 / 156
Previous
Next