Back ArrowLogo
Info
Profile

ਇਹ ਸਭ ਗੱਲਾਂ ਉਸ ਨੇ ਸਾਫ਼ ਸ਼ਬਦਾਂ ਵਿਚ ਆਖੀਆਂ, ਫਿਰ ਵੀ ਉਸ ਦੇ ਦਿਲ ਵਿਚ ਕਾਫ਼ੀ ਗੱਲਾਂ ਅਣਕਹੀਆਂ ਰਹਿ ਗਈਆਂ, ਕਿਉਂਕਿ ਉਹ ਖ਼ੁਦ ਹੀ ਆਪਣੇ ਦਿਲ ਦੇ ਡੂੰਘੇ ਭੇਤ ਨੂੰ ਖੋਲ੍ਹ ਨਹੀਂ ਸਕਿਆ।

ਤੇ ਜਦੋਂ ਉਸ ਨੇ ਸ਼ਹਿਰ ਵਿਚ ਪੈਰ ਪਾਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ ਤੇ ਸਾਰੇ ਜਿਵੇਂ ਉਸ ਨੂੰ ਇਕੋ ਹੀ ਆਵਾਜ਼ ਵਿਚ ਸੰਬੋਧਿਤ ਹੋਣ ਲੱਗੇ।

ਤੇ ਸ਼ਹਿਰ ਦੇ ਸਾਰੇ ਬਜ਼ੁਰਗ ਉਸ ਦੇ ਸਾਹਮਣੇ ਖਲੋ ਗਏ ਤੇ ਆਖਣ ਲੱਗੇ-

"ਹੁਣ ਸਾਡੇ ਤੋਂ ਦੂਰ ਨਾ ਜਾ ।"

"ਤੂੰ ਸਾਡੀ ਜ਼ਿੰਦਗੀ ਦੇ ਸ਼ਾਮ ਦੇ ਧੁੰਦਲਕੇ ਵਿਚ ਸਵੇਰ ਦੇ ਸੂਰਜ ਦਾ ਉਜਾਲਾ ਬਣ ਕੇ ਰਿਹਾ ਹੈਂ ਤੇ ਤੇਰੇ ਜੋਬਨ ਨੇ ਸਾਨੂੰ ਸੁਪਨਿਆਂ ਦੇ ਸੁਪਨੇ ਵਿਖਾਏ ਹਨ।"

"ਸਾਡੇ ਵਿਚਕਾਰ ਤੂੰ ਨਾ ਤਾਂ ਕੋਈ ਬੇਗਾਨਾ ਹੈਂ ਤੇ ਨਾ ਹੀ ਕੋਈ ਪ੍ਰਾਹੁਣਾ, ਸਗੋਂ ਤੂੰ ਸਾਡਾ ਹੀ ਪੁੱਤਰ ਹੈਂ ਤੇ ਸਾਨੂੰ ਬਹੁਤ ਹੀ ਅਜ਼ੀਜ਼ ਹੈ।""

"ਸਾਨੂੰ ਆਪਣਾ ਮੁਖੜਾ ਵੇਖਣ ਲਈ ਹੋਰ ਨਾ ਤਰਸਾ।"

ਤੇ ਸਾਰੇ ਪੁਜਾਰੀ ਤੇ ਪੁਜਾਰਨਾਂ ਉਸ ਨੂੰ ਕਹਿਣ ਲੱਗੀਆਂ-

"ਇਨ੍ਹਾਂ ਸਮੁੰਦਰੀ ਲਹਿਰਾਂ ਨੂੰ ਹੁਣ ਸਾਨੂੰ ਵਿਛੋੜਨ ਨਾ ਦੇ ਤੇ ਉਹ ਜੋ ਏਨੇ ਵਰ੍ਹੇ ਤੂੰ ਸਾਡੇ ਨਾਲ ਗੁਜ਼ਾਰੇ, ਉਨ੍ਹਾਂ ਨੂੰ ਸਿਰਫ਼ ਇਕ ਯਾਦ-ਮਾਤਰ ਨਾ ਬਣਨ ਦੇ।"

"ਤੂੰ ਸਾਡੇ ਵਿਚਕਾਰ ਇਕ ਪਵਿੱਤਰ ਆਤਮਾ ਦੀ ਤਰ੍ਹਾਂ ਵਿਚਰਦਾ ਰਿਹੈਂ ਤੇ ਤੇਰਾ ਪਰਛਾਵਾਂ ਸਾਡੇ ਚਿਹਰਿਆਂ 'ਤੇ ਚਾਨਣ ਦੀ ਤਰ੍ਹਾਂ ਪੈਂਦਾ ਰਿਹੈ ?"

"ਅਸੀਂ ਤੈਨੂੰ ਬਹੁਤ ਪਿਆਰ ਕੀਤਾ ਹੈ, ਪਰ ਸਾਡਾ ਪਿਆਰ ਮੂਕ ਸੀ ਤੇ ਕਈ ਪਰਦਿਆਂ ਨਾਲ ਕੱਜਿਆ ਹੋਇਆ ਸੀ।"

"ਪਰ ਹੁਣ ਇਹ ਪਿਆਰ ਤੈਨੂੰ ਸੰਬੋਧਿਤ ਹੈ ਤੇ ਤੇਰੇ ਸਾਹਮਣੇ ਪ੍ਰਗਟ ਹੋ ਗਿਆ ਹੈ।""

"ਤੇ ਇਹ ਤਾਂ ਇਕ ਪ੍ਰਤੱਖ ਸੱਚ ਹੈ ਕਿ ਜਦ ਤੱਕ ਵਿਛੋੜੇ ਦੀ ਘੜੀ ਨਾ ਆਵੇ, ਪਿਆਰ ਨੂੰ ਖ਼ੁਦ ਆਪਣੀ ਡੂੰਘਾਈ ਦਾ ਇਹਸਾਸ ਨਹੀਂ ਹੁੰਦਾ।"

ਤੇ ਫਿਰ ਕਈ ਹੋਰ ਲੋਕਾਂ ਨੇ ਵੀ ਉਸ ਦੇ ਸਾਹਮਣੇ ਆ ਕੇ ਉਸ ਅੱਗੇ ਪਤਾ ਨਹੀਂ ਕਿੰਨੀਆਂ ਅਰਜ਼ੋਈਆਂ ਕੀਤੀਆਂ, ਪਰ ਉਸ ਨੇ ਕਿਸੇ ਨੂੰ ਕੋਈ ਹੁੰਗਾਰਾ ਨਹੀਂ ਭਰਿਆ, ਸਿਰਫ਼ ਨੀਵੀਂ ਪਾਈ ਖੜ੍ਹਾ ਰਿਹਾ ਤੇ ਲੋਕ ਉਸ ਦੇ ਲਾਗੇ ਹੋਏ ਖੜ੍ਹੇ ਸਨ, ਉਹ ਵੇਖ ਰਹੇ ਸਨ ਕਿ ਉਸ ਦੇ ਹੰਝੂ ਟਪਕ-ਟਪਕ ਕੇ ਉਸ ਦੇ ਸੀਨ੍ਹੇ ’ਤੇ ਡਿੱਗ ਰਹੇ ਸਨ।

ਤੇ ਫਿਰ ਉਹ ਉਨ੍ਹਾਂ ਸਾਰੇ ਲੋਕਾਂ ਨਾਲ ਮੰਦਰ ਦੇ ਸਾਹਮਣੇ ਵਾਲੇ ਵੱਡੇ ਚੌਕ ਵੱਲ ਚੱਲ ਪਿਆ।

ਤੇ ਫੇਰ ਉਸ ਮੰਦਰ ਵਿਚੋਂ ਇਕ ਔਰਤ ਬਾਹਰ ਨਿਕਲੀ, ਜਿਸ ਦਾ ਨਾਂਅ ਅਲ- ਮਿੱਤਰਾ ਸੀ ਤੇ ਉਹ ਇਕ ਸੰਨਿਆਸਨ ਸੀ।

........................

* ਫ਼ਰੀਦ ਜੀ ਵੀ ਉਸ ਸਾਹਿਬ ਅੱਗੇ ਇਸੇ ਤਰ੍ਹਾਂ ਅਰਜ਼ੋਈ ਕਰਦੇ ਹਨ-

'ਏਹ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖ।

(ਹਵਾਲਾ-ਪੰਜਾਬੀ ਅਨੁਵਾਦਕ)

15 / 156
Previous
Next