ਵਿਆਹ
ਫੇਰ ਅਲ ਮਿੱਤਰਾ ਨੇ ਪੁੱਛਿਆ- "ਤੇ ਮੇਰੇ ਮਾਲਕ, ਵਿਆਹ ਕੀ ਐ?"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਤੁਸੀਂ ਦੋਵੇਂ (ਹਵਾ-ਆਦਮ) ਇਕੱਠੇ ਪੈਦਾ ਹੋਏ ਸੀ ਤੇ ਸਦਾ ਇਕੱਠੇ ਹੀ ਰਹੋਂਗੇ।
ਤੁਸੀਂ ਉਦੋਂ ਵੀ ਇਕੱਠੇ ਹੀ ਹੋਵੇਂਗੇ, ਜਦੋਂ ਮੌਤ ਆਪਣੇ ਸਫ਼ੈਦ ਖੰਭਾਂ ਨੂੰ ਫੜਫੜਾ ਕੇ ਤੁਹਾਡੀ ਜੀਵਨ-ਲੀਲ੍ਹਾ ਖ਼ਤਮ ਕਰ ਦਏਗੀ।
ਤੇ ਹਾਂ, ਤੁਸੀਂ ਰੱਬ ਦੀ ਮੌਨ ਯਾਦ ਵਿਚ ਵੀ ਇਕੱਠੇ ਹੀ ਰਹੇਂਗੇ।
ਪਰ ਤੁਹਾਨੂੰ ਆਪਣੀ ਨੇੜਤਾ ਵਿਚ ਕੁਝ ਵਿੱਥ ਵੀ ਪਾਉਣੀ ਪਏਗੀ । ਤੁਸੀਂ ਆਪਣੇ ਦਰਮਿਆਨ ਅਲੌਕਿਕ ਪੌਣਾਂ ਨੂੰ ਵੀ ਵਗਣ ਦਿਓ। ਇਕ-ਦੂਜੇ ਨੂੰ ਖੁੱਲ੍ਹਾ ਵਿਚਰਣ ਦੀ ਵੀ ਜਗ੍ਹਾ ਦਿਓ।
ਇਕ-ਦੂਜੇ ਨੂੰ ਪਿਆਰ ਜ਼ਰੂਰ ਕਰੋ, ਪਰ ਇਸ ਪਿਆਰ ਨੂੰ ਬੰਨ੍ਹੇ ਨਾ, ਸਗੋਂ ਇਸ ਨੂੰ ਆਪਣੇ ਆਤਮਾ-ਰੂਪੀ ਕੰਢਿਆਂ ਵਿਚਕਾਰ ਇਕ ਸਮੁੰਦਰ ਦੀ ਤਰ੍ਹਾਂ ਅਠਖੇਲੀਆਂ ਕਰਨ ਦਿਓ।
ਇਕ-ਦੂਜੇ ਦੇ ਪਿਆਲਿਆਂ ਨੂੰ ਤਾਂ ਭਰਦੇ ਰਹੋ, ਪਰ ਦੋਵੇਂ ਕਦੇ ਵੀ ਇਕੋ ਪਿਆਲੇ ਵਿਚੋਂ ਨਾ ਪੀਓ।
ਇਕ-ਦੂਜੇ ਨਾਲ ਆਪਣੀ ਰੋਟੀ ਤਾਂ ਵੰਡ ਲਓ, ਪਰ ਕਦੇ ਵੀ ਇਕੋ ਹੀ ਰੋਟੀ ਨਾ ਖਾਓ।
ਤੁਸੀਂ ਦੋਵੇਂ ਰਲ ਕੇ ਨੱਚੋ, ਗਾਓ ਤੇ ਖ਼ੁਸ਼ੀਆਂ ਮਨਾਓ, ਪਰ ਇਕ-ਦੂਜੇ ਨੂੰ ਇਕੱਲਤਾ ਦਾ ਇਹਸਾਸ ਕਰਾਉਣਾ ਵੀ ਓਨਾ ਹੀ ਲਾਜ਼ਮੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਰਬਾਬ ਦੇ ਤਾਰ ਤਾਂ ਵੱਖ-ਵੱਖ ਹੁੰਦੇ ਨੇ, ਪਰ ਫਿਰ ਵੀ ਉਸ 'ਚੋਂ ਇਕਸਾਰ ਤੇ ਇਕਸੁਰ ਸੰਗੀਤ ਹੀ ਗੂੰਜਦਾ ਹੈ।
ਇਕ ਦੂਜੇ ਨੂੰ ਆਪਣਾ-ਆਪਣਾ ਦਿਲ ਤਾਂ ਦੇ ਦਿਓ, ਪਰ ਉਸ ਦਿਲ 'ਤੇ ਇਕ- ਦੂਜੇ ਨੂੰ ਕਾਬਜ਼ ਨਾ ਹੋਣ ਦਿਓ।* ਕਿਉਂ ਕਿ ਤੁਹਾਡੇ ਦਿਲਾਂ 'ਤੇ ਕਾਬੂ ਪਾਉਣਾ ਤਾਂ ਰੱਬ ਦੇ ਹੀ ਹੱਥ-ਵੱਸ ਹੈ।
ਤੁਸੀਂ ਦੋਵੇਂ ਇਕ-ਦੂਜੇ ਦੇ ਨਾਲ ਤਾਂ ਖੜ੍ਹੇ ਰਹੋ, ਪਰ ਬਹੁਤ ਨੇੜੇ-ਨੇੜੇ ਨਹੀਂ।
ਕਿਉਂਕਿ ਇਕ ਮੰਦਰ ਦੇ ਥੰਮ ਵੀ ਇਕ-ਦੂਜੇ ਤੋਂ ਵਿੱਥ 'ਤੇ ਹੀ ਖੜ੍ਹੇ ਰਹਿੰਦੇ ਨੇ।
ਤੇ ਨਾਲੇ ਬਲੂਤ (ਠੰਢੇ ਇਲਾਕਿਆਂ ਵਿਚ ਹੋਣ ਵਾਲਾ ਇਕ ਰੁੱਖ, ਬਲੂਤ ਜਾਂ ਓਕ) ਤੇ ਸਰੂ ਦੇ ਬਿਰਖ ਕਦੇ ਵੀ ਇਕ-ਦੂਜੇ ਦੀ ਛਾਵੇਂ ਨਹੀਂ ਮੋਲ ਸਕਦੇ।"
* ਫ਼ਰੀਦ ਜੀ ਨੇ ਵੀ ਲੋਭ ਤੇ ਅਧੀਨਗੀ ਭਰੇ ਪਿਆਰ ਨੂੰ ਇਥੇ ਟੁੱਟੇ ਛੱਪਰ ਨਾਲ ਤੁਲਨਾ ਦੇ ਕੇ ਨਕਾਰਿਆ ਹੈ-
'ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ ।
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੋਹੁ ॥
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਸੰਕਲਪ ਦਿੱਤੇ।
(ਹਵਾਲਾ-ਪੰਜਾਬੀ ਅਨੁਵਾਦਕ)