ਪੈਗਾਮ (ਸੁਨੇਹਾ) ਤੇ ਥਰ (ਲੈ ਜਾਣ ਵਾਲਾ) ਤੋਂ ਮਿਲ ਕੇ ਬਣਿਆ ਹੈ, ਭਾਵ ਧਰਮ ਦਾ ਐਸਾ ਨਬੀ ਜਾਂ ਪੈਗ਼ੰਬਰ ਜੋ ਰੱਬੀ ਸੁਨੇਹਾ ਲੋਕਾਂ ਤੱਕ ਲਿਆਵੇ। ਇਸ ਤਰ੍ਹਾਂ, ਇਹ ਕ੍ਰਿਤ 'ਇਕ- ਈਸ਼ਵਰਵਾਦ' ਤੇ ਅਧਿਆਤਮਵਾਦ ਦੀ ਲੋਏ 'ਜਪੁ ਜੀ' ਵਿਚਲੇ ਪ੍ਰਸ਼ਨ 'ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੂਟੇ ਪਾਲਿ।' ਦਾ ਹੀ ਜੁਆਬ ਲੱਭਣ ਲਈ ਮਾਰਗ-ਦਰਸ਼ਨ ਦੀ ਭੂਮਿਕਾ ਨਿਭਾਉਂਦੀ ਹੋਈ ਜੀਵਨ ਦੇ ਵਿਆਪਕ ਵਿਸਤਾਰਾਂ ਤੇ ਵਰਤਾਰਿਆਂ ਦੇ ਵਿਭਿੰਨ ਪਹਿਲੂਆਂ ਬਾਰੇ ਅਨੁਭਵ ਤੇ ਇਹਸਾਸ ਦੇ ਤਲ 'ਤੇ ਵਖਿਆਨ ਕਰਦੀ ਹੈ ਅਤੇ ਸਮੁੱਚੇ ਰੂਪ ਵਿਚ ਨਬੀ ਦੇ ਪੈਗ਼ਾਮ ਅਧਿਆਤਮਕ ਗਿਆਨ ਅਵਸਥਾ ਦੀਆਂ ਦੋ ਪ੍ਰਮੁੱਖ ਮੰਜ਼ਿਲਾਂ ਦੀ ਪਰਿਕਰਮਾ ਕਰਦੇ ਪ੍ਰਤੀਤ ਹੁੰਦੇ ਹਨ, ਉਹ ਮੰਜ਼ਿਲਾਂ ਹਨ-ਆਪਣੇ ਮੂਲ ਨੂੰ ਪਛਾਣਨਾ ਤੇ ਉਸ ਨੂੰ ਤਲਾਸ਼ ਕੇ ਉਸ ਵਿਚ ਅਭੇਦ ਹੋਣਾ, ਭਾਵ ਸਮਾਉਣਾ।
ਉਹ ਆਦਿ ਸਚਿ ਤੇ ਜੁਗਾਦਿ ਸਚੁ 'ਮੂਲ', ਜੋ ਨਿਰਗੁਣ, ਨਿਰਾਕਾਰ ਤੇ ਅਕਾਲਿ ਮੂਰਤਿ ਹੈ ਅਤੇ ਜਿਸ ਦੇ ਨੂਰ ਤੋਂ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ('ਏਕ ਨੂਰੁ ਤੇ ਸਭ ਜਗ ਉਪਜਿਆ'-ਕਬੀਰ ਬਾਣੀ), ਉਹ ਕਿਧਰੇ ਬਾਹਰ ਨਹੀਂ ਸਗੋਂ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ। ('ਤੇ ਅੰਦਰ ਆਬ ਹਯਾਤੀ ਹੂ'-ਸੁਲਤਾਨ ਬਾਹੂ ਅਤੇ 'ਮੇਰੀ ਬੁੱਕਲ ਦੇ ਵਿਚ ਚੋਰ-ਬੁੱਲ੍ਹੇ ਸ਼ਾਹ), ਤੇ ਉਸ ਨੂੰ ਪਛਾਣਨਾ 'ਆਪਣਾ ਮੂਲ' ਪਛਾਣਨ ਦੇ ਹੀ ਤੁੱਲ ਹੈ, ਜਿਸ ਨੂੰ ਪਛਾਣੇ ਬਿਨਾਂ ਉਸ ਵਿਚ ਅਭੇਦ ਨਹੀਂ ਹੋਇਆ ਜਾ ਸਕਦਾ। ਇਸ ਅਧਿਆਤਮਕ ਪੜਾਅ ਦੀ ਸੱਚਾਈ ਤੇ ਸਿਫ਼ਤ ਬਾਰੇ ਸ਼ਾਹ ਹੁਸੈਨ ਨੇ ਵੀ ਲਿਖਿਐ-
'ਆਪ ਨੂੰ ਪਛਾਣ ਬੰਦੇ, ਆਪ ਨੂੰ ਪਛਾਣ।
ਜੋ ਤੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਆਸਾਨ।
ਉਰਦੂ ਦੇ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਨੇ ਵੀ ਇਕ ਸ਼ੇਅਰ ਵਿਚ ਇਸ ਅਟੱਲ ਸੱਚਾਈ ਨੂੰ ਬਿਆਨਿਐ- 'ਖ਼ੁਦੀ ਮੇਂ ਗੁਮ ਹੈ ਖ਼ੁਦਾਈ, ਤਲਾਸ਼ ਕਰ ਗਾਫ਼ਿਲ ।' ਪਰ ਖ਼ੁਦੀ (ਆਪੇ) ਵਿਚ ਗੁੰਮ ਇਸ ਖ਼ੁਦਾਈ (ਰੱਬੀ ਨੂਰ) ਨੂੰ ਗ਼ਾਫ਼ਿਲ (ਬੇਖ਼ਬਰ, ਬੇਪਰਵਾਹ) ਆਖ਼ਿਰ ਕਿਵੇਂ ਲੱਭੇ ? ਇਸ ਦਾ ਜੁਆਬ ਸੂਫ਼ੀਮਤ ਨੇ ਬਾਖੂਬੀ ਦਿੱਤੈ- 'ਮਰ ਜਾ ਬੰਦਿਆ, ਮਰ ਜਾਣ ਤੋਂ ਪਹਿਲਾਂ ।' ਯਾਨੀ ਕਿ ਆਪਣੀ ਖ਼ੁਦੀ (ਮੈਂ ਜਾਂ ਆਪਾ) ਨੂੰ ਮਾਰ ਕੇ ਹੀ ਖ਼ੁਦਾਈ ਵਿਚ ਅਭੇਦ ਹੋਇਆ ਜਾ ਸਕਦਾ ਹੈ।
ਕੁੱਲ ਮਿਲਾ ਕੇ ਉਕਤ ਤ੍ਰੈਲੜੀ ਵਿਚ ਆਏ ਨਬੀ-ਪੈਗ਼ੰਬਰ ਦੇ ਪੈਗਾਮ ਉਪਰੋਕਤ 'ਏਕਸ ਸਤਿ-ਸੁਜਾਣ' ਦੀ ਪ੍ਰਾਪਤੀ ਲਈ ਹੀ ਅਧਿਆਤਮ ਦੇ ਉਸ ਮਾਰਗ 'ਤੇ ਮਨੁੱਖਤਾ ਦਾ ਮਾਰਗ-ਦਰਸ਼ਨ ਕਰ ਰਹੇ ਹਨ, ਜਿਸ ਮਾਰਗ 'ਤੇ ਗੁਰਮਤਿ ਤੇ ਸੂਫ਼ੀਮਤ ਨੇ ਪਹਿਲਾਂ ਹੀ ਅਮਿੱਟ ਤੇ ਰੌਸ਼ਨ ਪੂਰਨੇ ਪਾਏ ਹੋਏ ਹਨ। ਇਸ ਸਤਿਆਰਥਕਤਾ ਕਰਕੇ ਹੀ ਉਕਤ ਕ੍ਰਿਤ ਏਨੀ ਮੁੱਲਵਾਨ ਤੇ ਮਕਬੂਲ ਸਾਬਿਤ ਹੋਈ ਹੈ, ਜੋ ਕਿ ਸਹਿਜ-ਸੁਭਾਅ ਹੀ ਈਸਾਈ ਮਤ, ਗੁਰਮਤਿ ਤੇ ਸੂਫ਼ੀ ਮਤ ਦੀ ਦਾਰਸ਼ਨਿਕ ਤ੍ਰਿਬੈਣੀ ਦੇ ਸੰਗਮ ਦਾ ਸਬੱਬ ਬਣੀ ਹੈ।
ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' 1923 ਵਿਚ ਖ਼ਲੀਲ ਜਿਬਰਾਨ ਨੇ ਆਪਣੇ ਹੱਥਾਂ ਵਿਚ ਛਪਵਾਈ ਸੀ, ਜਦ ਕਿ ਦੂਸਰੀ ਅਤੇ ਤੀਸਰੀ ਪੁਸਤਕ 'ਪੈਗ਼ੰਬਰ ਦਾ