

ਮੌਤ
ਇਕ ਵਾਰ ਫੇਰ ਅਲ ਮਿਤਰਾ ਨੇ ਕਿਹਾ- "ਹੁਣ ਸਾਨੂੰ ਮੌਤ ਬਾਰੇ ਜਾਣਨ ਦੀ ਤਾਂਘ ਹੈ।"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਮੈਂ ਤੁਹਾਨੂੰ ਮੌਤ ਦਾ ਭੇਦ ਜ਼ਰੂਰ ਦੱਸਾਂਗਾ।
ਪਰ ਤੁਸੀਂ ਇਹਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ, ਜਦੋਂ ਤੱਕ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਅੰਦਰੋਂ ਹੀ ਨਹੀਂ ਭਾਲੋਂਗੇ ?*
ਉਹ ਉੱਲੂ, ਜੀਹਦੀਆਂ ਰਾਤ ਨੂੰ ਖੁੱਲ੍ਹਣ ਵਾਲੀਆਂ ਅੱਖਾਂ ਦਿਨੇ ਅੰਨ੍ਹੀਆਂ ਹੋ ਜਾਂਦੀਆਂ ਨੇ, ਦਿਨ ਦੇ ਚਾਨਣ ਦੇ ਭੇਤ ਨੂੰ ਨਹੀਂ ਬੁੱਝ ਸਕਦਾ।
ਜੇ ਤੁਸੀਂ ਸੱਚੀਂ-ਮੁੱਚੀਂ ਮੌਤ ਦੀ ਆਤਮਾ ਨੂੰ ਵੇਖਣਾ ਚਾਹੁੰਦੇ ਹੋ, ਤਾਂ ਆਪਣੇ ਦਿਲ ਨੂੰ ਜ਼ਿੰਦਗੀ ਦੀ ਦੇਹ ਤੱਕ ਪੂਰੀ ਤਰ੍ਹਾਂ ਖੋਲ੍ਹ ਦਿਓ।
ਕਿਉਂਕਿ ਜ਼ਿੰਦਗੀ ਤੇ ਮੌਤ ਤਾਂ ਇਕੋ ਸ਼ੈਅ ਨੇ, ਜਿਵੇਂ ਨਦੀ ਤੇ ਸਮੁੰਦਰ।
ਤੁਹਾਡੀਆਂ ਆਸਾਂ ਤੇ ਸਧਰਾਂ ਦੀ ਡੂੰਘਾਈ ਦੇ ਅੰਦਰ ਹੀ ਤੁਹਾਡੀ ਦੂਜੀ ਦੁਨੀਆਂ ਦਾ ਗਿਆਨ ਵਸਿਐ।
ਤੇ ਬਰਫ਼ ਹੇਠਾਂ ਦੱਬੇ ਹੋਏ ਬੀਜਾਂ ਦੇ ਸੁਪਨਿਆਂ ਦੇ ਤੁੱਲ ਤੁਹਾਡਾ ਦਿਲ ਵੀ ਬਸੰਤ- ਬਹਾਰ ਦੇ ਆਉਣ ਦੇ ਸੁਪਨੇ ਵੇਖਦੈ।
ਇਨ੍ਹਾਂ ਸੁਪਨਿਆਂ 'ਤੇ ਭਰੋਸਾ ਕਰੋ, ਕਿਉਂਕਿ ਇਨ੍ਹਾਂ 'ਚ ਹੀ ਅਸੀਮਤਾ ਵੱਲ ਲਿਜਾਣ ਵਾਲਾ ਬੂਹਾ ਲੁਕਿਆ ਹੋਇਐ।
ਮੌਤ ਦੇ ਪ੍ਰਤੀ ਤੁਹਾਡਾ ਡਰ ਬਿਲਕੁਲ ਉਸ ਆਜੜੀ ਦੀ ਤਰ੍ਹਾਂ ਹੈ, ਜੋ ਉਸ ਰਾਜੇ ਦੇ ਸਨਮੁਖ ਖੜ੍ਹਾ ਕੰਬ ਰਿਹਾ ਹੁੰਦੇ, ਜਿਸ ਦਾ ਹੱਥ ਸਗੋਂ ਉਹਨੂੰ ਸਨਮਾਨਤ ਕਰਨ ਲਈ ਹੀ ਉੱਠ ਰਿਹਾ ਹੁੰਦੇ।
* ਸੁਲਤਾਨ ਬਾਹੂ ਵੀ ਪਵਿੱਤਰ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਆਧਾਰ 'ਤੇ ਪਰਮਾਤਮਾ ਤੇ ਆਤਮਾ ਦੀ ਇਕੋ ਜ਼ਾਤ ਮੰਨਦਾ ਹੈ ਤੇ ਆਤਮਾ, ਜੋ ਕਿ ਆਪਣੇ ਅਸਲੇ ਤੋਂ ਟੁੱਟ ਗਈ ਹੈ, ਦੁਨੀਆਂ ਵਿੱਚ ਆ ਬੇ ਇਸੇ ਅਸਲੇ ਦੀ ਤਲਾਸ਼ ਵਿੱਚ ਹੈ-
'ਹਿੱਕੇ ਜਾਤ-ਸਿਫਾਤ ਰੱਥੇ ਦੀ, ਹਿੱਕੇ ਜਗ ਢੂੰਡਿਆਸੇ ਹੁ।
ਹਿੱਕੇ ਲਾਮਕਾਨ ਅਸਾਡਾ, ਹਿੱਕੇ ਬੁਤ ਵਿੱਚ ਵਾਸੇ ਹੂ।'
(ਹਵਾਲਾ-ਪੰਜਾਬੀ ਅਨੁਵਾਦਕ)