

ਪਰ ਕੀ ਇਸ ਕੰਬਣੀ ਪਿੱਛੇ ਉਹ ਆਜੜੀ ਖ਼ੁਸ਼ ਨਹੀਂ ਹੈ ਕਿ ਉਹ ਰਾਜੇ ਹੱਥੋਂ ਸਨਮਾਨ ਪ੍ਰਾਪਤ ਕਰੇਗਾ ?
ਫੇਰ ਵੀ ਕੀ ਉਹ ਆਪਣੇ ਡਰ, ਆਪਣੀ ਕੰਬਣੀ ਪ੍ਰਤੀ ਵਧੇਰੇ ਸਚੇਤ ਨਹੀਂ ਹੈ ?
ਮੌਤ ਏਹਦੇ ਤੋਂ ਵੱਧ ਹੋਰ ਭਲਾ ਕੀ ਹੈ ਕਿ ਤੁਸੀਂ ਨੰਗੇ ਹੋ ਕੇ ਹਵਾ 'ਚ ਖੜ੍ਹੇ ਹੋ ਜਾਓ ਤੇ ਸੂਰਜ ਦੀ ਗਰਮੀ 'ਚ ਪੇਘਰ ਜਾਓ ?
ਤੇ ਸਾਹਾਂ ਦਾ ਬੰਦ ਹੋ ਜਾਣਾ ਵੀ ਭਲਾ ਇਸ ਤੋਂ ਇਲਾਵਾ ਹੋਰ ਕੀ ਹੈ ਕਿ ਸਾਹ ਆਪਣੇ ਬੇਚੈਨੀ ਭਰੇ ਉਤਾਰ-ਚੜ੍ਹਾਅ ਤੋਂ ਮੁਕਤ ਹੋ ਕੇ ਉਪਰ ਉਠ ਸਕਣ, ਤਾਂ ਕਿ ਉਹ (ਸਾਹ) ਆਪਣੇ ਆਪ ਨੂੰ ਬਿਨਾਂ ਕਿਸੇ ਬੰਧਨ ਦੇ ਉਸ ਪਰਮਾਤਮਾ 'ਚ ਲੀਨ ਕਰ ਸਕਣ।*
ਜਦੋਂ ਤੁਸੀਂ ਸ਼ਾਂਤੀ-ਸਕੂਨ ਦੀ ਨਦੀ ਦਾ ਪਾਣੀ ਪੀ ਲਓਂਗੇ, ਉਦੋਂ ਹੀ ਤੁਸੀਂ ਸਹੀ ਮਾਅਨਿਆਂ 'ਚ ਗਾ ਸਕੋਂਗੇ।
ਤੇ ਜਦੋਂ ਤੁਸੀਂ ਪਹਾੜ ਦੀ ਟੀਸੀ 'ਤੇ ਚੜ੍ਹ ਜਾਓਂਗੇ, ਉਦੋਂ ਹੀ ਤੁਸੀਂ ਅਸਲ ਚੜ੍ਹਾਈ ਸ਼ੁਰੂ ਕਰ ਸਕੋਂਗੇ।
ਤੇ ਉਦੋਂ ਤੁਹਾਡਾ ਅੰਗ-ਅੰਗ ਧਰਤੀ 'ਚ ਰਮ ਜਾਏਗਾ, ਉਦੋਂ ਹੀ ਤੁਸੀਂ ਅਸਲੀਅਤ 'ਚ ਨ੍ਰਿਤ ਕਰ ਸਕੋਂਗੇ।"
* ਮੌਤ ਬਾਬਤ ਇਸ ਸੰਕਲਪ 'ਤੇ ਜ਼ੋਰ ਦਿੰਦਿਆਂ ਕਬੀਰ ਜੀ ਨੇ ਬਾਖੂਬ ਲਿਖਿਐ-
'ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨ ਆਨੰਦੁ।
ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦੁ ॥
(ਹਵਾਲਾ-ਪੰਜਾਬੀ ਅਨੁਵਾਦਕ)