

ਚੇਤਿਆਂ 'ਚ ਫਿੱਕਾ ਪੈ ਜਾਏਗਾ, ਉਦੋਂ ਮੈਂ ਦੋਬਾਰਾ ਫੇਰ ਆਵਾਂਗਾ।
ਮੈਂ ਇਸ ਤੋਂ ਜ਼ਿਆਦਾ ਖੁੱਲ੍ਹੇ ਦਿਲ ਤੇ ਬੇਬਾਕ ਬੋਲਾਂ ਨਾਲ ਤੁਹਾਡੇ ਕੋਲ ਪਰਤਾਂਗਾ ਤੇ ਆਪਣੀ ਗੱਲ ਆਖਾਂਗਾ।
ਹਾਂ, ਮੈਂ ਇਨ੍ਹਾਂ ਚੜ੍ਹਦੀਆਂ ਲਹਿਰਾਂ ਨਾਲ ਹੀ ਵਾਪਸ ਪਰਤਾਂਗਾ।
ਭਾਵੇਂ ਮੌਤ ਮੈਨੂੰ ਆਪਣੇ ਕਲਾਵੇ 'ਚ ਲੁਕੋ ਲਵੇ ਜਾਂ ਇਕ ਵਿਸ਼ਾਲ ਸੈਨਾਟਾ ਮੈਨੂੰ ਆਪਣੇ ਅੰਦਰ ਲਪੇਟ ਲਵੇ, ਪਰ ਫੇਰ ਵੀ ਮੈਂ ਤੁਹਾਡੇ ਸਬਰ-ਸੰਤੋਖ ਲਈ ਆਉਣਾ ਲੋਚਾਂਗਾ। ਤੇ ਮੇਰੀ ਇਹ ਲੋਚਾ ਅਜਾਈਂ ਨਹੀਂ ਜਾਏਗੀ।
ਜੇ, ਜੋ ਕੁਝ ਵੀ ਮੈਂ ਕਿਹੈ, ਉਹ ਸੱਚ ਹੈ, ਤਾਂ ਸੱਚ ਖ਼ੁਦ ਨੂੰ ਆਪਣੇ ਆਪ ਤੁਹਾਡੇ ਸਨਮੁਖ ਉਨ੍ਹਾਂ ਸ਼ਬਦਾਂ 'ਚ ਰੂਪਮਾਨ ਕਰੇਗਾ, ਜੋ ਤੁਹਾਡੇ ਵਿਚਾਰਾਂ ਨਾਲ ਮੇਲ ਖਾਂਦੇ ਹੋਣ।
ਮੈਂ ਪੌਣ ਦੇ ਨਾਲ ਜ਼ਰੂਰ ਜਾ ਰਿਹਾਂ, ਪਰ ਐ ਓਰਫੇਲਿਸ ਦੇ ਲੋਕੋ, ਮੈਂ ਖਲਾਅ ਦੇ ਧਰਾਤਲ 'ਚ ਨਹੀਂ ਜਾ ਰਿਹਾ।
ਤੇ ਜੇ ਅੱਜ ਦਾ ਦਿਨ ਤੁਹਾਡੀਆਂ ਲੋੜਾਂ ਤੇ ਮੇਰੇ ਪਿਆਰ ਦੀ ਪੂਰਤੀ ਨਹੀਂ ਕਰਦਾ, ਤਾਂ ਇਹਨੂੰ ਏਦਾਂ ਦੇ ਹੀ ਕਿਸੇ ਹੋਰ ਦਿਨ ਦੇ ਆਉਣ ਦੀ ਤਾਂਘ ਸਮਝੋ।
ਬੰਦੇ ਦੀਆਂ ਲੋੜਾਂ ਬਦਲਦੀਆਂ ਰਹਿੰਦੀਆਂ ਨੇ, ਪਰ ਨਾ ਤਾਂ ਉਹਦਾ ਪਿਆਰ ਬਦਲਦੇ ਤੇ ਨਾ ਹੀ ਉਹਦੀ ਇਹ ਲੋਚਾ ਕਿ ਉਹਦਾ ਪਿਆਰ ਉਹਦੀਆਂ ਲੋੜਾਂ ਨੂੰ ਸੰਤੁਸ਼ਟ ਕਰ ਸਕੇ।
ਇਸ ਲਈ ਇਹ ਜਾਣ ਲਓ ਕਿ ਮੈਂ ਉਸ ਪਰਮ-ਸ਼ਾਂਤੀ ਤੋਂ ਵਾਪਸ ਜ਼ਰੂਰ ਪਰਤਾਂਗਾ। ਉਹ ਕੋਹਰਾ, ਜੋ ਪਹੁ-ਫੁਟਾਲੇ ਵੇਲੇ ਆਪਣੇ ਪਿੱਛੇ ਖੇਤਾਂ 'ਚ ਤੇਲ-ਤੁਪਕੇ ਛੱਡ ਕੇ, ਖ਼ੁਦ ਉਪਰ ਉਠ ਗਿਆ ਸੀ, ਬੱਦਲਾਂ ਦਾ ਰੂਪ ਧਾਰ ਲਏਗਾ ਤੇ ਵਰਖਾ ਦੇ ਰੂਪ 'ਚ ਹੇਠਾਂ ਵਰ੍ਹੇਗਾ।
ਪਰ ਮੈਂ ਇਥੇ ਉਸ ਕੋਹਰੇ ਦੀ ਤਰ੍ਹਾਂ ਨਹੀਂ ਰਿਹਾਂ।
ਸਗੋਂ ਰਾਤ ਦੇ ਸੰਨਾਟੇ 'ਚ ਮੈਂ ਤੁਹਾਡੀਆਂ ਸੜਕਾਂ 'ਤੇ ਘੁੰਮਦਾ-ਫਿਰਦਾ ਰਿਹਾਂ ਤੇ ਮੇਰੀ ਆਤਮਾ ਤੁਹਾਡੇ ਘਰਾਂ 'ਚ ਵੀ ਦਾਖ਼ਲ ਹੋਈ ਹੈ।
ਤੁਹਾਡੇ ਦਿਲਾਂ ਦੀਆਂ ਧੜਕਣਾਂ ਮੇਰੇ ਦਿਲ ਦੇ ਅੰਦਰ ਸਨ, ਤੁਹਾਡੇ ਸਾਹ ਮੇਰੇ ਮੂੰਹ 'ਤੇ ਪੈ ਰਹੇ ਸਨ, ਤੇ ਮੈਂ ਤੁਹਾਨੂੰ ਸਭਨਾਂ ਨੂੰ ਚੰਗੀ ਤਰ੍ਹਾਂ ਪਛਾਣ ਗਿਆ ਸਾਂ।
ਓਏ, ਮੈਂ ਤਾਂ ਤੁਹਾਡੀਆਂ ਖ਼ੁਸ਼ੀਆਂ-ਗ਼ਮੀਆਂ ਨੂੰ ਵੀ ਜਾਣਦਾ ਸਾਂ, ਤੇ ਤੁਹਾਡੀ ਨੀਂਦ ਤੇ ਤੁਹਾਡੇ ਸੁਪਨੇ ਵੀ ਤਾਂ ਮੇਰੇ ਹੀ ਸੁਪਨੇ ਸਨ।
ਤੇ ਅਕਸਰ ਮੈਂ ਤੁਹਾਡੇ ਵਿਚਕਾਰ ਉਵੇਂ ਹੀ ਰਹਿੰਦਾ ਸਾਂ, ਜਿਵੇਂ ਪਹਾੜਾਂ ਵਿਚਕਾਰ ਇਕ ਝੀਲ ਵਹਿੰਦੀ ਹੈ।
ਮੈਂ ਇਕ ਸ਼ੀਸ਼ੇ ਦੀ ਤਰ੍ਹਾਂ ਤੁਹਾਡੇ ਅੰਦਰ ਪਹਾੜਾਂ ਦੀਆਂ ਟੀਸੀਆਂ ਨੂੰ ਵੇਖਿਐ, ਤੇ ਵੇਖਿਐ ਤਿਰਛੀਆਂ ਢਲਾਣਾਂ ਨੂੰ, ਤੇ ਮੈਂ ਤੁਹਾਡੇ ਵਿਚਾਰਾਂ ਤੇ ਸਧਰਾਂ ਦੇ ਜੁੱਟਾਂ ਨੂੰ ਵੀ ਉਥੋਂ ਲੰਘਦਿਆਂ ਤੱਕਿਐ।
ਤੁਹਾਡੇ ਬੱਚਿਆਂ ਦੀ ਝਰਨੇ ਵਰਗੀ ਨਿਰਮਲ ਹਾਸੀ, ਤੇ ਤੁਹਾਡੇ ਨੌਜੁਆਨਾਂ ਦੀਆਂ ਸਧਰਾਂ-ਖ਼ਾਹਿਸ਼ਾਂ ਦੀਆਂ ਨਦੀਆਂ ਮੇਰੇ ਸੰਨਾਟੇ 'ਚ ਗੂੰਜਦੀਆਂ ਸਨ।