ਦੁਆਲੇ ਦੀ ਸਫਾਈ ਕੀਤੀ ਗਈ ਸੀ। ਹਰੇਕ ਮੁਹੱਲੇ ਵਿਚ ਵਾਟਰ ਸਪਲਾਈ ਦੀ ਟੂਟੀ ਪੁੱਜਣ ਕਰਕੇ, ਖੂਹ ਦੀ ਵਰਤੋਂ ਬਹੁਤ ਘਟ ਗਈ ਸੀ, ਜਦੋਂ ਕਿਤੇ ਮੋਟਰ ਸੜ ਜਾਂਦੀ ਜਾਂ ਬਿਜਲੀ ਦਾ ਲੰਮਾ ਕੱਟ ਕਰਕੇ ਪਾਣੀ ਦੀਆ ਟੈਂਕੀਆਂ ਨਾ ਭਰ ਹੁੰਦੀਆਂ ਤਾਂ ਲੋਕਾਂ ਨੂੰ ਖੂਹ ਚੇਤੇ ਆਉਂਦਾ।
ਸਾਹਮਣੇ ਖੰਡ ਪਾਰ ਵਾਲੀ ਕੱਚੀਆਂ ਇੱਟਾਂ ਦੀ ਸਰ੍ਹਾਂ ਹੁਣ ਪੱਕੀਆਂ ਇੱਟਾਂ ਦੀ ਬਣਾ ਦਿੱਤੀ ਗਈ ਸੀ, ਪਰ ਉਸ ਦੀ ਛੱਤ ਅਜੇ ਵੀ ਟੀਨ ਦੀ ਹੀ ਸੀ। ਉਸ ਦਾ ਵਿਸਥਾਰ ਵੀ ਕਰ ਦਿੱਤਾ ਗਿਆ ਸੀ। ਇਕ ਹੋਰ ਗੱਲ ਜਿਸ ਨੂੰ ਵੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਦੁੱਖ ਵੀ ਕਿ ਮੰਦਰ ਦੇ ਉਲਟ ਦਿਸ਼ਾ 'ਤੇ ਸਰਾਂ ਦੇ ਮਗਰਲੇ ਪਾਸੇ ਇਕ ਖੋਖੇ ਵਿਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਸੀ। ਨਾਲ ਹੀ ਖੜ੍ਹ ਦੀ ਛੰਨ ਵਾਲੀ ਕੁੱਲੀ ਜਿਹੀ 'ਚ ਅਹਾਤਾ ਵੀ। ਹੁਣ ਪਿੰਡ ਵਾਲਿਆਂ ਨੂੰ ਸ਼ਰਾਬ ਲਿਆਉਣ ਲਈ ਪੰਜ-ਛੇ ਕੋਹ ਦੂਰ ਕਮਾਹੀ ਦੇਵੀ ਜਾਂ ਮਹੂ ਦੀਆਂ ਹੱਟੀਆਂ ਨਹੀਂ ਸੀ ਜਾਣਾ ਪੈਂਦਾ। ਪਿੰਡਾਂ 'ਚ ਹੋਰ ਕੋਈ ਸਹੂਲਤ ਪੁੱਜੀ ਹੋਵੇ ਜਾਂ ਨਾ, ਪਰ ਪਿੰਡ-ਪਿੰਡ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹ ਗਏ ਸਨ। ਭਾਵੇਂ ਲਾਗੇ ਹੀ ਰੋਬ ਦਾ ਮੰਦਰ ਹੋਵੇ ਜਾਂ ਵਿੱਦਿਆ ਮੰਦਰ, ਇਸ ਗੱਲ ਨਾਲ ਕਿਸੇ ਨੂੰ ਕੋਈ ਸਰੋਕਾਰ ਨਹੀਂ ਸੀ। ਸਕੂਲ ਦੀ ਚਾਰ ਦੀਵਾਰੀ ਕਰਕੇ ਉਸ ਨੂੰ ਗੇਟ ਲਾ ਦਿੱਤਾ ਗਿਆ ਸੀ। ਇਸ ਸਕੂਲ ਦਾ ਦਰਜਾ ਵਧਾ ਕੇ ਮਿਡਲ ਤੋਂ ਹਾਈ ਕਰ ਦਿੱਤਾ ਗਿਆ ਸੀ। ਗੇਟ ਦੇ ਦੋਹਾਂ ਪਿੱਲਰਾਂ 'ਤੇ ਅੰਗਰੇਜ਼ੀ ਵਿਚ "ਕਮ ਟੂ ਲਰਨ-ਗੋ ਟੂ ਸਰਵ" ਮੋਟੇ ਅੱਖਰਾਂ ਵਿਚ ਲਿਖਿਆ ਵਿਖਾਈ ਦਿੰਦਾ ਸੀ। ਸਕੂਲ ਦੇ ਟੀਨਾਂ ਦੀ ਛੱਤ ਵਾਲੇ ਕਮਰੇ ਉਹੋ ਜਿਹੇ ਹੀ ਸਨ। ਉਨ੍ਹਾਂ ਕਮਰਿਆਂ ਦੀ ਗਿਣਤੀ ਜ਼ਰੂਰ ਵਧ ਗਈ ਸੀ, ਜਮਾਤਾਂ ਵਧਣ ਦੇ ਨਾਲ-ਨਾਲ। ਦੀਪਾ ਦੱਸਦਾ ਪਿਆ ਸੀ ਸਕੂਲ ਦਾ ਸਟਾਫ ਪੂਰਾ ਨਹੀਂ ਸੀ। ਇਕ ਤਾਂ ਲੋਕੀ ਪਿੰਡਾਂ 'ਚ ਨੌਕਰੀ ਕਰਨ ਲਈ ਤਿਆਰ ਨਹੀਂ ਸਨ, ਦੂਸਰੇ ਸਰਕਾਰ ਨੇ ਲੰਮੇ ਸਮੇਂ ਤੋਂ ਭਰਤੀ ਜੋ ਬੰਦ ਕੀਤੀ ਹੋਈ ਸੀ।
ਦੀਪੇ ਨੇ ਝਟਪਟ ਮੇਰੇ ਲਈ ਚਾਹ ਤਿਆਰ ਕਰ ਲਈ ਸੀ। ਦੁਕਾਨ ਦੇ ਵਿਹੜੇ 'ਚ ਵੀ ਹੁਣ ਮੰਜਿਆਂ ਦੀ ਥਾਂ ਪਲਾਸਟਿਕ ਦੀਆਂ ਕੁਰਸੀਆਂ ਪਈਆਂ ਸਨ। ਪੰਡਤ ਜੀ ਦੀ ਇਸ ਦੁਕਾਨ ਨੂੰ ਮੈਂ ਸੁਪਰ ਮਾਰਕੀਟ ਕਿਹਾ ਕਰਦਾ ਸੀ ਕਿਉਂਕਿ ਇਸ ਦੁਕਾਨ ਤੋਂ ਜ਼ਿੰਦਗੀ ਦੀ ਲੋੜ ਦੀ ਹਰੇਕ ਚੀਜ਼ ਮਿਲ ਜਾਂਦੀ ਸੀ। ਪੰਡਤ ਜੀ ਹਲਵਾਈ ਦਾ ਕੰਮ ਵੀ ਜਾਣਦੇ ਸਨ। ਉਨ੍ਹਾਂ ਦੇ ਹੱਥੀਂ ਬਣੇ ਬੇਸਨ, ਬਰਫੀ, ਪਕੌੜੇ, ਜਲੇਬੀ, ਸ਼ੱਕਰਪਾਰੇ ਆਦਿ ਬਹੁਤ ਹੀ ਸੁਆਦਲੇ ਹੁੰਦੇ। ਖਾਲਸ ਖੋਏ ਦੀ ਬਰਫ਼ੀ ਤਾਂ ਮੈਂ ਉਚੇਚੇ ਤੌਰ 'ਤੇ ਬਣਵਾ ਕੇ ਛੁੱਟੀਆਂ ਵਿਚ ਦੂਸਰੇ ਪ੍ਰਾਂਤ ਵਿਚ ਰਹਿੰਦੇ ਆਪਣੇ ਪਰਿਵਾਰ ਲਈ ਲੈ ਕੇ ਜਾਂਦਾ।
ਪੰਡਤ ਜੀ ਦੀ ਪਿੰਡ ਦੀ ਇਸ ਇਕਲੋਤੀ ਮੁੱਖ ਦੁਕਾਨ 'ਤੇ ਹਰ ਸਮੇਂ ਰੌਣਕ ਲੱਗੀ ਰਹਿੰਦੀ। ਦੁਪਹਿਰ ਸਮੇਂ ਖੂਹ ਤੋਂ ਪਾਣੀ ਭਰਨ ਆਏ ਮਰਦ ਅਕਸਰ ਦੁਕਾਨ 'ਤੇ ਆ ਜੁੜਦੇ। ਉਥੇ ਤਾਸ਼ ਦੀ ਬਾਜੀ ਲਗਦੀ। ਗਿਣਤੀ ਵਧਦੀ ਤਾਂ ਦੋ-ਦੋ ਤਿੰਨ-ਤਿੰਨ ਗਰੁੱਪ ਵੀ ਬਣ ਜਾਂਦੇ। ਪੰਡਤ ਜੀ ਨੇ ਉਨ੍ਹਾਂ ਲਈ