

5. ਮਾਨ੍ਹਾ ਤਵੀਤਾਂ ਵਾਲਾ
ਦਲਿਤ ਮੁਹੱਲੇ ਦਾ ਫਾਰਮ ਤੇ ਪਰਚੀਆਂ ਰਾਮ ਦਾਸ ਨੇ ਉੱਥੇ ਦੁਕਾਨ 'ਤੇ ਹੀ ਆ ਕੇ ਭਰਵਾ ਦਿੱਤੀਆਂ ਸਨ। ਕਮਾਲ ਦੀ ਜਾਣਕਾਰੀ ਸੀ ਉਸ ਪਾਸ। ਮੁਹੱਲੇ ਦੇ ਹਰੇਕ ਜੀ ਬਾਰੇ। ਸ਼ਹਿਰਾਂ ਵਿਚ ਤਾਂ ਗੁਆਂਢੀ-ਗੁਆਂਢੀ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ। ਇਕ ਦੂਸਰੇ ਦੀ ਪ੍ਰਾਈਵੇਸੀ ਵਿਚ ਦਖਲ ਨਾ ਦੇਣ ਦੀ ਨੈਤਿਕਤਾ ਦਾ ਪਾਲਣ ਕਰਦਿਆਂ। ਪਰ ਪਿੰਡਾਂ ਵਿਚ ਇਹੋ ਨਿੱਕੀ ਤੋਂ ਨਿੱਕੀ ਜਾਣਕਾਰੀ ਜਿਥੇ ਉਨ੍ਹਾਂ ਦੇ ਰਿਸ਼ਤਿਆਂ ਤੇ ਸਾਂਝਾਂ ਨੂੰ ਹੋਰ ਪੀਡਾ ਕਰਦੀ, ਕਈ ਵਾਰੀ ਇਹੋ ਸੂਚਨਾ ਇਕ ਦੂਸਰੇ ਦੇ ਜੀ ਦਾ ਜੰਜਾਲ ਵੀ ਬਣ ਜਾਂਦੀ।
ਹੁਣ ਦੂਸਰਾ ਮੁਹੱਲਾ ਸੀ ਰਾਜਪੂਤਾਂ ਦਾ। ਕਮਾਹੀ ਦੇਵੀ ਵੱਲੋਂ ਪਿੰਡ ਵਿਚ ਪ੍ਰਵੇਸ਼ ਕਰਦਿਆਂ, ਦੱਰੇ ਵਰਗੀ ਘੰਟੀ ਚੜ੍ਹ ਕੇ ਦੂਸਰੇ ਪਾਸੇ ਘੰਟੀ ਉਤਰਦਿਆਂ ਰਾਜਪੂਤਾਂ ਦਾ ਮੁਹੱਲਾ ਸ਼ੁਰੂ ਹੋ ਜਾਂਦਾ ਸੀ। ਲੰਮੇ ਅਰਸੇ ਮਗਰੋਂ ਮੈਨੂੰ ਉਥੇ ਵੇਖ ਕੇ, ਮੇਰੀ ਜਾਣ ਪਛਾਣ ਦੇ ਬਚੇ ਹੋਏ ਲੋਕ ਬਹੁਤ ਖ਼ੁਸ਼ ਹੋਏ ਸਨ। ਮੇਰਾ ਹਾਲ-ਚਾਲ ਪੁੱਛ ਰਹੇ ਸਨ। ਮੇਰੇ ਪਰਿਵਾਰ ਦੀ ਪੂਰੀ ਜਾਣਕਾਰੀ ਹਾਸਿਲ ਕਰ ਰਹੇ ਸਨ।
ਉਸ ਮੁਹੱਲੇ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਸੀ। ਲਗਭਗ ਹਰੇਕ ਪਰਿਵਾਰ 'ਚੋਂ ਇਕ ਮੈਂਬਰ ਫੌਜੀ ਜ਼ਰੂਰ ਸੀ। ਕਈ ਪੈਨਸ਼ਨ ਆ ਗਏ ਸਨ ਤੇ ਆਪਣੀ ਖੇਤੀਬਾੜੀ ਸਾਂਭ ਰਹੇ ਸਨ। ਕਈ ਅਜੇ ਵੀ ਨੌਕਰ ਸਨ। ਵਰ੍ਹੇ-ਛਿਮਾਹੀ ਛੁੱਟੀ ਆਉਂਦੇ। ਬੱਚੇ ਪਿੰਡ ਹੀ ਉਨ੍ਹਾਂ ਦੇ ਮਾਤਾ-ਪਿਤਾ ਪਾਸ ਰਹਿੰਦੇ। ਬੱਚੇ ਪਿੰਡ 'ਚ ਹੀ ਪੜ੍ਹਦੇ। ਘਰ ਵਾਲੀਆਂ ਘਰ ਸਾਂਭਦੀਆਂ। ਸੱਸ-ਸਹੁਰੇ ਦੀ ਸੇਵਾ ਕਰਦੀਆਂ।
ਇਸ ਮੁਹੱਲੇ ਦੀ ਹੀ ਗੱਲ ਨਹੀਂ ਸੀ, ਸਗੋਂ ਉਸ ਸਾਰੇ ਹੀ ਇਲਾਕੇ ਦੀਆਂ ਔਰਤਾਂ, ਮਰਦਾਂ ਨਾਲੋਂ ਵੱਧ ਸੁੰਦਰ ਸਨ। ਜਿਵੇਂ ਕੁਦਰਤ ਨੇ ਉਨੇ ਕੁ ਇਲਾਕੇ ਵਿਚ ਖੂਬਸੂਰਤੀ ਦਾ ਛੱਟਾ ਦੇ ਦਿੱਤਾ ਹੋਇਆ ਸੀ। ਦਰਮਿਆਨੇ ਕੱਦ, ਇਕਹਿਰੇ ਪਰ ਮਜ਼ਬੂਤ ਸੁਡੌਲ ਜਿਸਮ, ਤਿੱਖੇ ਨੈਣ ਨਕਸ਼, ਸਾਫ਼ ਰੰਗ, ਮੇਕਅਪ ਤੋਂ ਕੋਹਾਂ ਦੂਰ, ਸਾਦਗੀ ਵਿਚਲੀ ਸੁੰਦਰਤਾ ਡੁੱਲ੍ਹ-ਡੁੱਲ੍ਹ ਪੈਂਦੀ। ਉਸ ਕੁਦਰਤੀ ਸੁਹੱਪਣ ਦਾ ਕੋਈ ਜੋੜ ਨਹੀਂ ਸੀ। ਉਤੋਂ ਮਿੱਠੀ ਪਿਆਰੀ ਪਹਾੜੀ ਬੋਲੀ। ਬੋਲਦੀਆਂ ਘੱਟ ਪਰ ਆਪਣੇ ਹਾਵ-ਭਾਵ, ਅਦਾਵਾਂ-ਇਸ਼ਾਰਿਆਂ ਗੱਲ ਕੇ 'ਬੌਡੀ ਲੈਂਗਵੇਜ' ਨਾਲ ਹੀ ਕੀਲ ਕੇ ਰੱਖ ਲੈਂਦੀਆਂ ਵੇਖਣ ਵਾਲੇ ਨੂੰ।
ਇਸ ਤੋਂ ਉਲਟ ਉਥੋਂ ਦੇ ਮਰਦ ਪਿਚਕੀਆਂ ਗੋਲ੍ਹਾਂ ਵਾਲੇ, ਜ਼ਿਆਦਾ ਉੱਚੇ ਕੱਦ ਨਹੀਂ, ਸਫਾਚਟ ਤੇ ਸੰਵੇਦਨਹੀਨ ਜਿਹੇ ਚਿਹਰੇ, ਬੀੜੀ ਜਾਂ ਹੁੱਕਾ ਪੀ-ਪੀ ਕੇ ਧੁਆਂਖੇ ਸਲੇਟੀ ਬੁੱਲ੍ਹ। ਕੁੱਝ ਬਜ਼ੁਰਗਾਂ ਨੇ ਰਾਜਪੂਤੀ ਸ਼ਾਨ ਕਾਇਮ ਰੱਖਣ ਲਈ ਤਿੱਖੀਆਂ ਤੇ ਕੁੰਢੀਆਂ ਮੁੱਛਾਂ ਰੱਖੀਆਂ ਸਨ। ਔਰਤਾਂ ਨਾਲੋਂ ਮਰਦ ਘੱਟ ਮਿਹਨਤੀ। ਘਰ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮ 'ਚ ਵੀ ਪੂਰਾ ਹੱਥ ਵੰਡਾਉਂਦੀਆਂ। ਮਰਦ ਜਿੰਨੇ ਅਣਖੀ ਤੇ ਖੁਸ਼ਕ, ਔਰਤਾਂ ਉਂਨੀਆਂ ਹੀ ਮਿੱਠ-