

ਬੋਲੜੀਆਂ ਤੇ ਪਰਦੇਦਾਰ।
ਉੱਥੋਂ ਦੇ ਲੋਕ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਉਹ ਕਾਫੀ ਗੁੰਝਲ ਤੇ ਜਟਿਲ ਜਿਹੇ ਵਿਅਕਤੀਤਵ ਦੇ ਮਾਲਿਕ ਸਨ। ਸ਼ਾਇਦ ਉੱਥੋਂ ਦੀ ਭੂਗੋਲਿਕ ਹਾਲਤਾਂ ਦਾ ਹੀ ਅਸਰ ਉਨ੍ਹਾਂ ਦੀਆਂ ਆਦਤਾਂ ਤੇ ਚਰਿੱਤਰ 'ਤੇ ਪਿਆ ਹੋਇਆ ਸੀ। ਵਲੋਂਵੇਦਾਰ ਤੇ ਤੰਗ ਰਸਤਿਆਂ ਵਾਂਗ ਹੀ ਉਨ੍ਹਾਂ ਦੀਆਂ ਗੱਲਾਂ ਤੇ ਵਤੀਰਾ ਵੀ ਵਲਦਾਰ ਤੇ ਕੰਜੂਸੀ ਭਰਿਆ ਹੁੰਦਾ। ਥੁੜਾਂ ਮਾਰਿਆ ਇਲਾਕਾ ਹੋਣ ਕਰਕੇ ਉਹ ਵੀ ਹੱਥ ਘੁੱਟ ਕੇ ਰੱਖਣ ਵਾਲੇ। ਕਈ ਵਾਰੀ ਬਹੁਤ ਪੜ੍ਹਿਆ-ਲਿਖਿਆ ਤੇ ਕਨੂੰਨੀ ਆਦਮੀ ਵੀ ਉਨ੍ਹਾਂ ਦੀਆਂ ਸਿੱਧੀਆਂ-ਸਾਦੀਆਂ ਲਗਦੀਆਂ ਪਰ ਬਹੁਤ ਹੀ ਪੇਚਦਾਰ ਗੱਲਾਂ 'ਤੇ ਵਿਵਹਾਰ ਵਿਚ ਅਜਿਹਾ ਫਸਦਾ ਕਿ ਬੇਬਸ ਹੋ ਕੇ ਰਹਿ ਜਾਂਦਾ। ਉਨ੍ਹਾਂ ਸਿੱਧੇ ਸਾਦੇ ਅਨਪੜ੍ਹ ਜਿਹੇ ਲਗਦੇ ਲੋਕਾਂ ਨੂੰ ਸਮਝਣਾ ਉੱਨੀ ਹੀ ਟੇਢੀ ਖੀਰ ਸੀ। ਕਈ ਵਾਰੀ ਉਹ ਬੰਦੇ ਨੂੰ ਆਪਣੀਆਂ ਗੱਲਾਂ 'ਚ ਇੰਝ ਪੁਲਚਾ ਲੈਂਦੇ ਕਿ ਉਸ ਨੂੰ ਨਿਕਲਣ ਦਾ ਰਾਹ ਨਾ ਲੱਭਦਾ। ਉਸ ਦੇ ਹੱਥ ਖੜ੍ਹੇ ਕਰਾ ਦਿੰਦੇ। ਬਹੁਤ ਹੀ ਡੂੰਘੀਆਂ ਤੇ ਬਾਰੀਕ ਗੱਲਾਂ ਕਰ ਜਾਂਦੇ। ਉਹ ਭਾਵੇਂ ਪੜ੍ਹੇ ਘੱਟ ਸਨ, ਪਰ ਬਹੁਤ ਹੀ ਕੜ੍ਹੇ ਹੋਏ ਸਨ। ਕੁੱਝ ਸੰਸਕਾਰਗਤ ਤੇ ਕੁੱਝ ਆਪਣੇ ਤਜ਼ਰਬਿਆਂ ਨਾਲ ਗੜੁੱਚ। ਫਿਰ ਵੀ ਉਨ੍ਹਾਂ ਵਿਚ ਸ਼ਿਸ਼ਟਾਚਾਰ, ਕਾਫੀ ਹੱਦ ਤੱਕ ਈਮਾਨਦਾਰੀ ਤੇ ਵਫਾਦਾਰੀ ਨਜ਼ਰ ਆਉਂਦੀ ਸੀ। ਛੇਤੀ ਨਾਲ ਕਿਸੇ ਦਾ ਬੁਰਾ ਜਾਂ ਮਾੜਾ ਨਾ ਤੱਕਦੇ ਨਾ ਕਰਦੇ। ਬੱਸ ਆਪਣੇ ਦਾਇਰੇ ਜਿਹੇ 'ਚ ਸਿਮਟੇ ਲੋਕ।
ਮੈਂ ਰਾਜ ਸਿੰਘ ਦੇ ਪਰਿਵਾਰ ਦੀਆਂ ਵਿਅਕਤੀਗਤ ਪਰਚੀਆਂ ਭਰ ਕੇ ਨਿਕਲਿਆ ਤਾਂ ਸਾਹਮਣਿਓਂ ਮਾਨ ਸਿੰਘ ਡੰਗਰਾਂ ਨੂੰ ਪਾਣੀ ਪਿਆ ਕੇ ਆਉਂਦਾ ਨਜ਼ਰੀਂ ਪਿਆ। ਹੁਣ ਉਸ ਦੇ ਹੀ ਘਰ ਦੀ ਵਾਰੀ ਸੀ । ਉਸ ਨੇ ਮੈਨੂੰ ਪਛਾਣ ਲਿਆ ਸੀ। ਨਮਸਤੇ ਬੁਲਾਈ ਤੇ ਹਾਲ-ਚਾਲ ਪੁੱਛਿਆ।
"ਮਾਨ ਸਿੰਘ ਜੀ, ਜ਼ਰਾ ਡੰਗਰਾਂ ਨੂੰ ਛੇਤੀ ਬੰਨ੍ਹ ਕੇ ਆਇਓ। ਤੁਹਾਡੇ ਘਰ ਦੀਆਂ ਵੀ ਪਰਚੀਆਂ ਭਰ ਲਵਾਂ, ਕੰਮ ਬਹੁਤ ਜ਼ਿਆਦਾ ਹੈ।"
"ਹਲਾ ਮਾਹਟਰ ਜੀ, ਸਾਡੇ ਪਿੰਡੇ ਦੀ ਤੁਸਾਂ ਜੋ ਮਰਦਮ ਸ਼ੁਮਾਰੀ ਕਰਨੀ
" ਹਾਂ ਜੀ ਮਾਨ ਸਿੰਘ ਜੀ ।"
"ਚਲੋ ਏਸ ਬਹਾਨੇ ਤੁਹਾਡੇ ਬੀ ਦਰਸ਼ਨ ਹੋਈਗੇ, ਉਆਂ ਕਿਹੜਾ ਤੁਸਾਂ ਜੋ ਮੁੜੀ ਕੇ ਸਾਡੇ ਪੱਖੋ ਮੂੰਹ ਦੀਤਾ, ਜਧਾੜੀ ਦੇ ਬਦਲੀ ਕਰਾਈਕੇ ਗਿਓਂ ਇੱਥੋਂ।"
"ਮਾਨ ਸਿੰਘ ਜੀ, ਤੁਹਾਨੂੰ ਪਤਾ ਈ ਹੈ, ਸਰਕਾਰੀ ਨੌਕਰੀ ਹੈ ਸਰਕਾਰ ਜਿਥੇ ਭੇਜਦੀ ਹੈ ਜਾਣਾ ਈ ਪੈਂਦਾ। ਨਾਲੋਂ ਜਿੱਥੋਂ-ਜਿੱਥੋਂ ਦਾ ਦਾਣਾ-ਪਾਣੀ ਰਲਿਆ ਹੁੰਦਾ ਉਹ ਵੀ ਤਾਂ ਚੁਗਣਾ ਹੁੰਦਾ। ਉਂਝ ਮੇਰਾ ਬੜਾ ਮਨ ਕਰਦਾ ਸੀ। ਤੁਹਾਨੂੰ ਸਾਰਿਆਂ ਨੂੰ ਮਿਲਣ ਤੇ ਦੇਖਣ ਦਾ। ਚਲੋ ਇਸੇ ਬਹਾਨੇ ਸਹੀ, ਕਹਿੰਦੇ ਨੇ ਨਾ ਜਿਥੇ ਚਾਹ ਉੱਥੇ ਰਾਹ। ਕੁਦਰਤ ਨੇ ਆਪ ਹੀ ਸਬਬ ਬਣਾ ਦਿੱਤਾ।