

ਖੂਹ 'ਤੇ ਜਾਂਦਾ। ਪਾਣੀ ਭਰਦਾ। ਡੰਗਰਾਂ ਨੂੰ ਵੀ ਪਾਣੀ ਪਿਆਂਦਾ। ਉਨ੍ਹਾਂ ਨੂੰ ਵੀ ਨੁਹਾਉਂਦਾ ਤੇ ਆਪ ਵੀ ਨਹਾਉਂਦਾ। ਫਿਰ ਚੁੱਪ-ਚਾਪ ਲੱਜ ਦੁਕਾਨ ਮੁਹਰਲੇ ਸ਼ਹਿਤੂਤ ਦੀ ਸ਼ਾਖ 'ਤੇ ਟੰਗਦਾ। ਮਾਚਿਸ ਬੀੜੀ ਜਾਂ ਘਰ ਦਾ ਕੋਈ ਸਮਾਨ ਖਰੀਦਦਾ। ਸ਼ਿਸ਼ਟਾਚਾਰ ਵਜੋਂ ਨਮਸਤੇ ਸਲਾਮ ਕਰਦਾ ਤੇ ਚਲਿਆ ਜਾਂਦਾ।
ਮਾਂ-ਪਿਉ ਬਹੁਤ ਪਹਿਲੋਂ ਵਿਛੋੜਾ ਦੇ ਗਏ ਸਨ। ਭੈਣ ਸਹੁਰਿਆਂ ਦੇ ਸੁੱਖੀ ਸਾਂਦੀ ਵਸਦੀ ਸੀ। ਵੱਡਾ ਭਾਈ ਫੌਜ ਵਿਚ ਹੌਲਦਾਰ। ਭਰਜਾਈ ਤੇ ਬੱਚੇ ਇਥੇ ਪਿੰਡ ਹੀ ਰਹਿੰਦੇ ਸਨ। ਦੋਵੇਂ ਭਤੀਜੇ ਸਕੂਲੇ ਜਾਂਦੇ। ਫੌਜੀ ਦੇ ਮਹੀਨਿਆ ਦੀ ਛੁੱਟੀ ਆਉਂਦਾ ਤੇ ਜੋਗੀ ਵਾਲਾ ਫੇਰਾ ਪਾ ਕੇ ਚਲਿਆ ਜਾਂਦਾ। ਮਗਰੋਂ ਉਸ ਦੇ ਪਰਿਵਾਰ ਤੇ ਖੇਤੀਬਾੜੀ ਦੀ ਸਾਂਭ-ਸੰਭਾਲ ਮਾਨ ਸਿੰਘ ਹੀ ਕਰਦਾ। ਸਾਰੇ ਪਿਆਰ ਤੇ ਇਤਫ਼ਾਕ ਨਾਲ ਰਹਿ ਰਹੇ ਸਨ। ਫੌਜਣ ਤਾਂ ਕਦੇ ਕਦਾਈਂ ਹੀ ਖੂਹ 'ਤੇ ਪਾਣੀ ਲੈਣ ਆਉਂਦੀ। ਮਾਨ ਸਿੰਘ ਹੀ ਸਾਰੇ ਕੰਮ ਕਰ ਛੱਡਦਾ। ਉਹ ਬੱਚਿਆਂ ਨੂੰ ਖੂਹ 'ਤੇ ਨਾਲ ਲੈ ਆਉਂਦਾ। ਜਿਥੇ ਮੱਝਾਂ ਨੂੰ ਕੂਚਾ ਫੇਰ- ਫੇਰ ਸਾਫ ਕਰਦਾ, ਉਥੇ ਭਤੀਜਿਆਂ ਨੂੰ ਵੀ ਸਾਬਣ ਮਲ-ਮਲ ਕੇ ਨਹਾਉਂਦਾ। ਪਾਣੀ ਭਰਨ ਆਈਆਂ ਪਿੰਡ ਦੀਆਂ ਹੋਰ ਔਰਤਾਂ ਇਹ ਸਭ ਵੇਖ ਕੇ ਘੁੰਡ ਵਿਚ ਮੁਸਕਰਾਉਂਦੀਆਂ ਤੇ ਮਾਨ ਸਿੰਘ ਨੂੰ ਟਿੱਚਰ ਵੀ ਕਰਦੀਆਂ। ਪਰ ਲੋਕ ਜੋ ਮਰਜ਼ੀ ਆਖਣ ਮਾਨ ਸਿੰਘ ਨੂੰ ਕੋਈ ਪਰਵਾਹ ਨਹੀਂ ਸੀ। ਇਨ੍ਹਾਂ ਸਾਰੀਆਂ ਗੱਲਾਂ ਦੀ। ਉਹ ਆਪਣੇ ਆਪ ਵਿਚ ਹੀ ਮਗਨ ਰਹਿੰਦਾ। ਆਪਣੇ ਮਨ ਦੀ ਕਰਦਾ। ਪਿੰਡ ਵਾਲੇ ਉਸ ਨੂੰ "ਮਾਨਾ" ਕਹਿ ਕੇ ਪੁਕਾਰਦੇ। ਦੱਬੀ ਜ਼ੁਬਾਨ ਵਿਚ ਕੰਨੇ ਕੰਨੀ ਗੱਲਾਂ ਹੁੰਦੀਆਂ।
"ਬਈ ਮਾਨ੍ਹਾ ਕਿਹੜਾ ਕਿਸੇ ਨਾਲੋਂ ਘੱਟ ਐ, ਕੇ ਘਾਟ ਐ ਇਸ ਬਿਚ। ਮਰਦਾਂ ਬਰਗਾ ਮਰਦ ਐ। ਫੇਰ ਪਤਾ ਨੀ ਕੈਂਹ ਆਪਣਾ ਘਰ ਨੀ ਬਸਾਇਆ ਇਨੀ ਹੁਣ ਤਾਈਂ।" ਆਧਰਮੀਆਂ ਦਾ ਬੰਤਾ, ਦੁਕਾਨ 'ਤੇ ਤਾਸ਼ ਖੇਡਦਾ, ਪੱਤਾ ਪੂਰੇ ਜ਼ੋਰ ਨਾਲ ਜ਼ਮੀਨ 'ਤੇ ਪਟਕਦਾ ਹੋਇਆ ਵਿਅੰਗਮਈ ਸੁਰ 'ਚ ਕਹਿੰਦਾ, "ਹਾਹੋ ਬਈ, ਜੀਹਦਾ ਘਰ ਬਿਚ ਈ ਸਰੀ ਜਾਂਦਾ, ਊਨੀ ਕੇ ਲੈਣਾ ਬਿਆਹ ਕਰਾਈ ਕੇ। ਪੱਟ ਲੋਆ ਫੌਜਣ ਨੇ ਬਈ ਮਾਨਾ ਤਬੀਤਾਂ ਵਾਲਾ।" ਦੁਕਾਨ 'ਤੇ ਠਹਾਕਾ ਵੱਜਦਾ। ਸਾਰੀ ਘਾਟੀ ਗੂੰਜ ਉਠਦੀ।
"ਆਹੋ ਬਈ, ਪਟਿਆ ਕਾਹਦਾ, ਮੈਂ ਤਾਂ ਗਲਾਨਾਂ ਬਈ ਸਿਆਣੀ ਏ ਫੌਜਣ। ਚਾਰ ਸਿਆੜ ਤਾਂ ਨੀ ਵੰਡੇ ਜਾਗ-ਸੇਵਾ ਟੈਲ ਦਾ ਕੁਝ ਤਾਂ ਫੈਦਾ ਹੋਣਾ ਈ ਚਾਹੀਦਾ ।" ਮਾਨ੍ਹੇ ਨੂੰ ਲੈ ਕੇ ਚਰਚਾ ਚਲਦੀ ਹੁੰਦੀ ਕਿ ਉਧਰੇ ਪੈਨਸ਼ਨ ਆਏ, ਮਾਨ ਸਿੰਘ ਦੇ ਹੀ ਮੁਹੱਲੇ ਦੇ ਹੌਲਦਾਰ ਰਾਜ ਸਿੰਘ ਨੂੰ ਬਿੱਲੀ ਵਾਂਗ ਦੱਬੇ ਪੈਰੀਂ ਆਉਂਦਿਆਂ ਵੇਖ, ਸਾਰਿਆਂ ਦੀ ਜ਼ੁਬਾਨ 'ਤੇ ਜੰਦਰੇ ਲੱਗ ਜਾਂਦੇ ਤੇ ਜੀਭ ਤਾਲੂ ਨਾਲ ਚੰਬੜ ਜਾਂਦੀ। ਉਸ ਦੇ ਕਰੀਬ ਪੁੱਜਣ ਤੋਂ ਪਹਿਲਾਂ ਹੀ ਉਹ ਗੱਲਬਾਤ ਦਾ ਰੁਖ਼ ਮੋੜ ਲੈਂਦੇ।
ਸਾਡੇ ਚੁਬਾਰੇ ਹੇਠਲੀ ਦੁਕਾਨ ਵਿਚ ਇਕ ਆਰ.ਐਮ.ਪੀ. ਡਾਕਟਰ ਨੇ